ਇਹ ‘ਟੁੱਟੀ ਵੀਣਾ’ ਨਾ ਕੇਵਲ ਆਪ ਹੀ ਟੁੱਟੀ ਹੋਈ ਹੈ, ਸਗੋਂ ਇਸ ਦਾ ਸਾਰਾ ਦੁਆਲਾ – ਸਾਰਾ ਵਾਯੂ ਮੰਡਲ ਹੀ ਪਾਠਕਾਂ ਨੂੰ ਟੁੱਟਾ ਹੋਇਆ ਦਿਖਾਈ ਦੇਵੇਗਾ । ਹੋਣੀ ਬੇ-ਰਹਿਮ ਠੁੱਡਿਆਂ ਨਾਲ ਜਿਸ ਦੀ ਜੀਵਨ-ਵੀਣਾ ਟੁੱਟ ਚੁਕੀ ਹੈ, ਜਿਸ ਦੀ ਤਾਰ ਤਾਰ ਵਿਚੋਂ ਹਜ਼ਾਰਾਂ ਵਿਰਲਾਪ ਤੇ ਲੱਖਾਂ ਹਟਕੋਰੇ ਉਠ ਉਠ ਕੇ ਸਮਾਜ ਦੇ ਅੰਗਾਂ ਦੀ ਸੜਿਹਾਂਦ ਨੰਗੀ ਕਰ ਰਹੇ ਹਨ, ਉਹ ਇਹੋ ਹੈ ਇਸ ਨਾਵਲ ਦੀ ਹੀਰੋਇਨ-ਪ੍ਰੀਤਮਾ ! ਬਚਪਨ ਤੋਂ ਲੈ ਕੇ ਜਵਾਨੀ ਤੱਕ ਜਿਸ ਦੇ ਜੀਵਨ ਸਾਜ਼ ਦੀਆਂ ਤਾਰਾਂ ਉਪਰੋਂ ਥੱਲੀ ਟੁੱਟਦੀਆਂ ਹੀ ਚਲੀਆਂ ਗਈਆਂ ਹਨ, ਪਰ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਟੁੱਟੀਆਂ ਖੁਸੀਆਂ ਤਾਰਾਂ ਦੇ ਇਸ ਢਾਂਚੇ ਵਿਚੋਂ ਵੀ ਕੋਈ ਕਰੁਣ ਗੁੰਜਾਰ ਅਵੱਸ਼ ਸੁਣਾਈ ਦੇਂਦੀ ਹੈ, ਜਿਹੜੀ ਪ੍ਰੀਤਮਾ ਦੀ ਉਜੜੀ ਹੋਈ ਵਸਤੀ ਉਤੇ ਬਦੋ-ਬਦੀ ਸਾਡੀ ਝਾਤ ਪਵਾ ਜਾਂਦੀ ਹੈ ।