ਇਸ ਨਿੱਕੇ ਜਿਹੇ ਨਾਵਲ ਅੰਦਰ ਲੇਖਕ ਨੇ ਮੱਧ ਵਰਗੀ ਤੇ ਅਸਲੋਂ ਟੁਟੀ ਹੋਈ ਕਿਸਾਨੀ ਦੇ ਵਿਸ਼ੇ ਨੂੰ ਲਿਆ ਹੈ । ਪਿੰਡਾਂ ਵਿਚ ਕਿਸਾਨਾਂ ਦੇ ਤਿੰਨ ਵਰਗ ਰਹਿੰਦੇ ਹਨ । ਮੋਟੇ ਮੋਟੇ ਜ਼ਿਮੀਂਦਾਰ, ਜਿਨ੍ਹਾਂ ਦੀਆਂ ਜ਼ਮੀਨਾਂ ਤੇ ਮੁਜਾਰੇ (ਸੀਰੀ) ਉਜਰਤ ਕਰਦੇ ਹਨ । ਇਨ੍ਹਾਂ ਦੀ ਗਿਣਤੀ ਭਾਵੇਂ ਥੋੜੀ ਹੈ, ਪਰ ਛੈਨ ਛਿੱਕਾ ਉਸੇ ਤਰ੍ਹਾਂ ਹੈ । ਦੂਸਰੀ ਸ਼ਰੇਣੀ ਖਾਂਦੇ ਪੀਂਦੇ ਘਰਾਂ ਦੀ ਹੈ । ਇਹਨਾਂ ਦੇ ਪੰਜ-ਪਾਂਜੇ ਮਸੀਂ ਪੂਰੇ ਹੁੰਦੇ ਹਨ । ਖਰਚ ਆਮਦਨ ਬਰਾਬਰ ਹੈ । ਤੀਜਾ ਵਰਗ ਅਸਲੋਂ ਟੁਟਿਆ ਹੋਇਆ ਵਰਗ ਹੈ, ਇਹ ਆਪਣੀ ਥੋੜੀ ਬਹੁਤੀ ਭੋਂਇੰ ਖਾ ਹੰਢਾ ਚੁਕੇ ਹਨ । ਕਰਜ਼ੇ ਥਲੇ ਦਬੇ ਹੋਏ ਹਨ । ਛੁਟਕਾਰੇ ਲਈ ਭਜ ਦੌੜ ਕਰਦੇ ਹਨ, ਸਗੋਂ ਹੋਰ ਹੇਠਾਂ ਆ ਜਾਂਦੇ ਹਨ । ਇਹਨਾਂ ਦੀ ਰੀਂਗ ਰਹੀ ਜ਼ਿੰਦਗੀ ਨੂੰ ਚੀਰ ਫਾੜ ਕਰਨ ਦਾ ਲੇਖਕ ਨੇ ਯਤਨ ਕੀਤਾ ਹੈ ।