ਇਸ ਕਹਾਣੀ ਦਾ ਪਿਛੋਕੜ ਇਕ ਸਦੀ ਪੁਰਾਣੇ (ਸੰਨ ੫੭ ਦੇ) ਇਕ ਇਤਿਹਾਸਕ ਵਿਰਸੇ ਨਾਲ ਸੰਜੁਗਤ ਹੈ ਤੇ ਇਸ ਦਾ ਅੱਗਾ ਹੈ ਸੰਨ ੪੧-੪੨ ਦੇ ਕਾਂਗਰਸ ਅੰਦੋਲਨ ਨਾਲ । ਇਹਨਾਂ ਦੁਹਾਂ ਅਗਾੜਾਂ ਪਿਛਾੜਾਂ ਵਿਚਾਲੇ ਕਹਾਣੀ ਉਗਮਦੀ ਹੈ । ਇਹ ਕਹਾਣੀ ਹੈ ਇਕ ਉਜੱਡ ਜਿਹੀ, ਅਨਪੜ੍ਹ ਤੇ ਹੂੜ ਮੱਤ ਜਿਹੀ ਕੁੜੀ ਦੀ ਤਸਵੀਰ ! ਜਿਸ ਦੀ ਜ਼ਿੰਦਗੀ ‘ਅਮਲ’ ਦੀ ਜ਼ਿੰਦਗੀ ਹੈ-ਜਿਸ ਨੂੰ ‘ਕਹਿਣ’ ਦੀ ਜਾਚ ਨਹੀਂ, ‘ਕਰਨ’ ਦੀ ਜਾਚ ਹੈ – ਜਿਸ ਨੂੰ ਲੈਕਚਰਾਂ ਤੇ ਸਿੱਖਿਆਵਾਂ ਦੀ ਸਮਝ ਨਹੀਂ ਆਉਂਦੀ, ਪਰ ਵਕਤ ਆਉਣ ਤੇ ਜਿਹੜੀ ਪ੍ਰੇਮ ਤੇ ਸੇਵਾ ਦੇ ਹਵਨ ਕੁੰਡ ਵਿਚ ਬਲੀਦਾਨ ਕਰਨਾ ਜਾਣਦੀ ਹੈ । ਇਸ ਵਿਚ ਬਹੁਤੇ ਪਾਤਰ ਗ਼ੈਰ-ਪੰਜਾਬੀ ਆਏ ਨੇ ਤੇ ਉਹਨਾਂ ਦੀ ਬੋਲਚਾਲ ਵੀ ਆਪੋ ਆਪਣੀ ਪ੍ਰੀਭਾਸ਼ਾ ਅਨੁਸਾਰ ਗ਼ੈਰ-ਪੰਜਾਬੀ ਹੈ ।