ਪੰਜ ਮਾਰਚ ਤੋਂ ਲੈ ਕੇ ਪੰਦਰਾਂ ਅਗਸਤ (1947) ਤੀਕ, ਇਨ੍ਹਾਂ ਛਿਆਂ ਮਹੀਨਿਆਂ ਵਿਚ ਲੇਖਕ ਨੇ ਜੋ ਕੁਝ ਅੱਖਾਂ ਨਾਲ ਤੱਕਿਆ ਤੇ ਦਿਲ ਨਾਲ ਮਹਿਸੂਸ ਕੀਤਾ, ਅਥਵਾ ਅਖਬਾਰਾਂ ਤੇ ਸਰਕਾਰੀ ਜਾਂ ਗ਼ੈਰ ਸਰਕਾਰੀ ਐਲਾਨਾਂ ਰਾਹੀਂ – ਜਿਹੜੇ ਵੱਖ ਵੱਖ ਸਮਿਆਂ ਤੇ ਹੁੰਦੇ ਰਹੇ – ਜੋ ਕੁਝ ਵੀ ਲੇਖਕ ਦੀ ਵਾਕਫੀਅਤ ਦੇ ਦਾਇਰੇ ਵਿਚ ਆਇਆ, ਉਸਦੇ ਨਚੋੜ ਲੇਖਕ ਇਨ੍ਹਾਂ ਦੁਹਾਂ ਕਿਤਾਬਾਂ – “ਖੂਨ ਦੇ ਸੋਹਿਲੇ” ਤੇ “ਅੱਗ ਦੀ ਖੇਡ” ਰਾਹੀਂ ਪਾਠਕਾਂ ਸਾਹਵੇਂ ਰੱਖਣ ਦੀ ਕੋਸ਼ਿਸ਼ ਕੀਤੀ ਹੈ । ਇਨ੍ਹਾਂ ਦੁਹਾਂ ਕਿਤਾਬਾਂ ਰਾਹੀਂ ਲੇਖਕ ਨਿਰਾ “ਨਾਵਲਕਾਰ” ਦੇ ਰੂਪ ਵਿਚ ਹੀ ਨਹੀਂ ਸਗੋਂ ਕਿਸੇ ਹੱਦ ਤੀਕ “ਇਤਿਹਾਸਕਾਰ” ਦੇ ਰੂਪ ਵਿਚ ਵੀ ਪਾਠਕਾਂ ਦੇ ਸਾਹਮਣੇ ਆ ਰਿਹਾ ਹੈ । ਇਸ ਨਾਵਲ ਦੇ ਪਾਤਰ ਰਲਵੇਂ – ਹਿੰਦੂ ਵੀ, ਸਿਖ ਵੀ ਤੇ ਮੁਸਲਮਾਨ ਵੀ ।