ਇਹ ਨਾਵਲ ਮਹਾਂ-ਕਾਵਿਕ ਪਸਾਰਾਂ ਵਾਲਾ ਹੈ । ਪ੍ਰਮਾਣਿਕ ਇਤਿਹਾਸਕ ਵੇਰਵਿਆਂ ਅਤੇ ਦਸਤਾਵੇਜ਼ੀ ਪ੍ਰਮਾਣਾਂ ਨਾਲ ਭਰਪੂਰ ਇਹ ਨਾਵਲ ਆਧੁਨਿਕ ਭਾਰਤ ਦੇ ਇਤਿਹਾਸ ਦਾ ਮਹਾਂਭਾਰਤ ਹੈ । ਇਸ ਸਾਰੇ ਨਾਵਲ ਵਿਚ ‘ਗ਼ਦਰ’ ਮੁੱਖ ਸੰਕਲਪ ਦੇ ਰੂਪ ਵਿਚ ਇਨਕਲਾਬ ਜਾਂ ਕ੍ਰਾਂਤੀ ਦੇ ਸਿਧਾਂਤਕ ਲਕਸ਼ਾਂ ਦਾ ਲਖਾਇਕ ਹੈ । ਗ਼ਦਰ ਜਾਂ ਇਨਕਲਾਬ ਦੀ ਭਾਵਨਾ ਕੇਵਲ ਭਾਰਤ ਦੇ ਇਤਿਹਾਸ ਨਾਲ ਸੀਮਿਤ ਨਹੀਂ, ਸਗੋਂ ਇਸ ਵਿਚ ਵਿਸ਼ਵ ਵਿਆਪੀ ਅੰਤਰ-ਰਾਸ਼ਟਰਵਾਦ ਦੀ ਭਾਵਨਾ ਮੌਜੂਦ ਹੈ । ਇਹ ਨਾਵਲ ਗਿਆਨ ਦਾ ਅਥਾਹ ਭੰਡਾਰ ਹੈ, ਰਾਜਨੀਤੀ ਦੇ ਦਾਅ-ਪੇਚਾਂ ਦੀ ਵਿਸਤ੍ਰਿਤ ਗਾਥਾ ਹੈ, ਨਾਵਲ ਦਾ ਸ਼ੁੱਧ ਸਰੂਪ ਹੈ ਤੇ ਲੇਖਕ ਦੀ ਸੁਹਿਰਦ ਪ੍ਰਗਤੀਸ਼ੀਲ ਮਾਨਵਵਾਦੀ ਭਾਵਨਾ ਦਾ ਅਸਗਾਹ ਸਾਗਰ ਹੈ ।