ਇਸ ਨਾਵਲ ਵਿਚ ਲੇਖਕ ਨੇ ਆਪਣੇ ਵਲੋਂ ‘ਦੁਖਾਂਤ’ ਪੇਸ਼ ਕੀਤਾ ਹੈ । ਇਸ ਨਾਵਲ ਵਿਚ ਪਾਤਰਾਂ ਦਾ ਬਹੁਤ ਝਮੇਲਾ ਨਹੀਂ ਰੱਖਿਆ । ਪੰਜਾਂ ਛਿਆਂ ਸਾਧਾਰਨ ਪਾਤਰਾਂ ਤੋਂ ਛੁਟ ਇਕ ਸ਼ਖ਼ਸੀਅਤ ਹੋਰ ਵੀ ਹੈ – ‘ਜਯੋਤਸਨਾ’ , ਪਰ ਉਸ ਨੂੰ ਇਸ ਕਰਕੇ ਵੱਖਰੀ ਨਹੀਂ ਗਿਣਿਆ ਜਾ ਸਕਦਾ ਕਿਉਂਕਿ ਇਕ ਤਾਂ ਉਹ ਜਿਊਂਦੀ ਪਾਠਕਾਂ ਦੇ ਸਾਹਮਣੇ ਇਕ ਵਾਰੀ ਵੀ ਨਹੀਂ ਆਈ, ਦੂਜੀ ਗੱਲ ਇਹ ਕਿ ‘ਜਯੋਤਸਨਾ’ ਤੇ ‘ਮਾਧੁਰੀ’ ਦਾ ਅਸਲ ਵਿਚ ਇਕੋ ‘ਇਸਤਰੀ’ ਰੂਪ ਕਲਪਿਆ ਹੈ । ਇਨ੍ਹਾਂ ਦੁਹਾਂ ਰਾਹੀਂ ਲੇਖਕ ਨੇ ਪਾਠਕਾਂ ਦੀ ਝਾਤੀ, ਇਸਤਰੀ ਦੇ ਉਸ ਮੁਤਬੱਰਕ ਰੂਪ ਉਤੇ ਪਵਾਣੀ ਚਾਹੀ ਹੈ, ਜਿਸ ਦੀ ‘ਕੁੱਖ’ ਤੇ ‘ਗੋਦੀ’ ਲੇਖਕ ਲਈ ਹਮੇਸ਼ਾ ਫ਼ਖਰ ਦਾ ਕਾਰਨ ਰਹੇਗੀ ।