ਮਨਮੋਹਨ ਬਾਵਾ ਦਾ ਨਾਵਲ ‘ਕਾਲ ਕਥਾ’ ਗਿਆਰਵੀਂ ਸਦੀ ਦੀਆਂ ਘਟਨਾਵਾਂ ਦੇ ਆਰ-ਪਾਰ ਫੈਲਿਆ ਹੋਇਆ ਹੈ । ਇਨ੍ਹਾਂ ਘਟਨਾਵਾਂ ਦੇ ਕਾਰਕ ਇਤਿਹਾਸਕ ਪਾਤਰ ਬਣਦੇ ਹਨ । ਇਨ੍ਹਾਂ ਪਾਤਰਾਂ ਦੀ ਗਾਰਜਸ਼ੀਲਤਾ ਪਿੱਛੇ ਵਿਅਕਤੀਆਂ ਤੋਂ ਲੈ ਕੇ ਸਥਿਤੀਆਂ ਤੱਕ ਦੀ ਕਾਰਜਸ਼ੈਲੀ ਅਤੇ ਦ੍ਰਿਸ਼ਟੀਮੂਲਕ ਵੱਖਰਤਾਵਾਂ ਮੌਜੂਦ ਹਨ । ਭੱਟਿਕਾ (ਬਠਿੰਡਾ) ਤੋਂ ਲੈ ਕੇ ਕਾਬੁਲ ਤੱਕ ਦਾ ਇਲਾਕਾ ਇਸ ਨਾਵਲ ਵਿਚਲੀਆਂ ਘਟਨਾਵਾਂ ਵਿੱਚੋਂ ਪਸਰਦਾ ਹੈ । ਇਸ ਖਿੱਤੇ ਵਿਚਲਾ ਇਹ ਦੌਰ ਜਗੀਰਦਾਰੀ ਪ੍ਰਬੰਧ ਵਿੱਚੋਂ ਗੁਜ਼ਰ ਰਿਹਾ ਸੀ । ਵੱਧ ਤੋਂ ਵੱਧ ਭੂਮੀ ਉੱਥੇ ਕਬਜ਼ਾ, ਦੌਲਤ ਇਕੱਲੀ ਕਰਨ ਦੀ ਖਾਹਿਸ਼ ਅਤੇ ਔਰਤਾਂ ਦੀ ਹਰਮ ਵਿੱਚ ਭਾਰਤੀ ਦੀ ਦੌੜ ਲੱਗੀ ਹੋਈ ਸੀ । ਨੌਵੀਂ ਸਦੀ ਦੇ ਮੱਧ ਤੱਕ ਪੰਜਾਬ ਤੋਂ ਕਾਬੁਲ ਤੱਕ ਹਿੰਦੂਸ਼ਾਹੀ ਰਾਜ ਘਰਾਣਿਆਂ ਦਾ ਰਾਜ ਸੀ । ਸੁਬਕਤਗੀਨ ਹਿੰਦੂਸ਼ਾਹੀ ਨੂੰ ਹਰਾ ਕੇ ਕਾਬਲ ਉੱਤੇ ਆਪਣਾ ਰਾਜ ਸਥਾਪਤ ਕਰ ਲੈਂਦਾ ਹੈ । ਉਸ ਤੋਂ ਬਾਅਦ ਮਹਿਮੂਦ ਗਜਨਵੀ ਆਸ-ਪਾਸ ਦੇ ਰਾਜਿਆਂ ਨੂੰ ਹਰਾ ਕੇ ਆਪਣਾ ਰਾਜ ਮਜ਼ਬੂਤ ਕਰਕੇ ਧਨ ਲੁੱਟਣ ਦੀ ਲਾਲਸਾ ਨਾਲ ਪੰਜਾਬ ਅਤੇ ਭਾਰਤ ਦੇ ਬਾਕੀ ਹਿੱਸਿਆਂ ਉੱਤੇ ਹਮਲਾ ਕਰਦਾ ਹੈ । ਇਸ ਨਾਵਲ ਦੇ ਕੇਂਦਰ ਵਿੱਚ ਮਹਿਮੂਦ ਗਜਨਵੀ ਅਤੇ ਭਾਰਤੀ ਰਜਵਾੜਸ਼ਾਹੀ ਹੈ । ਮਨਮੋਹਨ ਬਾਵਾ ਇਸ ਟਕਰਾਅ ਨੂੰ ਵਿਅਕਤੀਆਂ ਦੀ ਥਾਂ ਸਥਿਤੀਆਂ ਅਤੇ ਦ੍ਰਿਸ਼ਟੀਕੋਣ ਦੇ ਪਰਿਪੇਖ ਵਿੱਚ ਰੱਖ ਕੇ ਸੰਬੋਧਿਤ ਹੁੰਦਾ ਹੈ । ਸਥਿਤੀਆਂ ਅਤੇ ਦ੍ਰਿਸ਼ਟੀਕੋਣ ਵੀ ਲੋਕ-ਜੀਵਨ ਵਿੱਚੋਂ ਉੱਭਰਦੇ ਹਨ । ਇਸ ਤਰ੍ਹਾਂ ਇਹ ਨਾਵਲ ਘਟਨਾ ਕੇਂਦਰਿਤ ਹੋਣ ਦੇ ਨਾਲ-ਨਾਲ ਦ੍ਰਿਸ਼ਟੀ ’ਤੇ ਅਧਾਰਤ ਚਿੰਤਨ ਕੇਂਦਰਿਤ ਹੈ । ਇਸ ਸਥਿਤੀ ਦੇ ਦ੍ਰਿਸ਼ਟੀਗਤ ਪਾਸਾਰ ਨਾਵਲ ਦੀ ਟੈਕਸਟ ਵਿੱਚੋਂ ਉੱਭਰਦੇ ਹਨ ।