‘ਇਕ ਰਾਤ’ ਤੋਂ ਬਾਅਦ ‘ਚਿੱਟੇ ਘੋੜੇ ਦਾ ਸਵਾਰ’ ਮਨਮੋਹਨ ਸਿੰਘ ਦਾ ਦੂਸਰਾ ਕਹਾਣੀ-ਸੰਗ੍ਰਹਿ ਹੈ । ਹਥਲੀ ਪੁਸਤਕ ਵਿਚ ਉਸ ਦੀ ਅਜਿਹੀ ਕਹਾਣੀ ਸਾਡੇ ਸਾਮ੍ਹਣੇ ਆਉਂਦੀ ਹੈ ਜਿਹੜੀ ਇੱਕ ਵਿਲੱਖਣ ਪ੍ਰਕਾਰ ਦੀ ਪੰਜਾਬੀਅਤ ਦੇ ਦੀਦਾਰ ਕਰਾਉਂਦੀ ਹੈ । ਭਾਰਤ ਵਿੱਚ ਵੱਸਦੇ ਜਿਨ੍ਹਾਂ ਪੰਜਾਬੀ ਲੇਖਕਾਂ ਨੇ ਪੰਜਾਬ ਤੋਂ ਬਾਹਰ ਬਹਿ ਕੇ ਰਚਨਾ ਕੀਤੀ ਹੈ ਉਨ੍ਹਾਂ ਨੇ ਵਧੇਰੇ ਕਰਕੇ ਪੰਜਾਬ ਦੀ ਧਰਤੀ ਨੂੰ ਹੀ ਆਪਣੇ ਸਾਮ੍ਹਣੇ ਰਖਿਆ ਹੈ । ਪਰ ਜਿੱਥੇ ਭੂਗੋਲਿਕ ਪੰਜਾਬ ਦੀਆਂ ਨਿਸ਼ਚਿਤ ਸੀਮਾਵਾਂ ਹਨ ਉਥੇ ਪੰਜਾਬੀਅਤ ਅਤੇ ਪੰਜਾਬੀ ਬੋਲੀ ਨੂੰ ਫੈਲਾਣ ਦੀ ਕੋਈ ਬੱਝੀ ਹੋਈ ਸੀਮਾ ਨਹੀਂ । ਭੂਗੋਲਿਕ ਪੰਜਾਬ ਪੰਜਾਬੀਅਤ ਤੋਂ ਬਹੁਤ ਛੋਟਾ ਰਹਿ ਗਿਆ ਹੈ । ਇਹ ਪੰਜਾਬ ਵਾਸਤੇ ਮਿਹਣੇ ਦੀ ਗੱਲ ਹੋ ਸਕਦੀ ਹੈ, ਪੰਜਾਬੀਅਤ ਵਾਸਤੇ ਫਖਰ ਦੀ ਗੱਲ ਹੈ । ਸਮੇਂ ਦੀ ਲੋੜ ਹੈ ਕਿ ਇਸ ਮਾਣ ਨੂੰ ਅਪਣਾਇਆ ਜਾਵੇ ਅਤੇ ‘ਚਿੱਟੇ ਘੋੜੇ ਦਾ ਸਵਾਰ’ ਦੀਆਂ ਕਹਾਣੀਆਂ ਇਕ ਹੱਦ ਤਕ ਇਸ ਦਸ਼ਾ ਵਿਚ ਇਕ ਯਤਨ ਹਨ ।