ਪੰਜਾਬੀ ਅਤੇ ਸੰਸਕ੍ਰਿਤ ਦਾ ਅਟੁਟ ਸੰਬੰਧ ਹੈ । ਸੰਸਕ੍ਰਿਤ ਕੇਵਲ ਇਸ ਦੇਸ਼ ਦੀ ਪ੍ਰਾਚੀਨ ਭਾਸ਼ਾ ਹੀ ਨਹੀਂ, ਬਲਕਿ ਇਥੋਂ ਦੀ ਧਰਮ-ਪਰੰਪਰਾ, ਦਰਸ਼ਨ, ਸੰਸਕ੍ਰਿਤੀ ਆਦਿ ਨਾਲ ਵੀ ਸੰਬੰਧਤ ਹੈ ਅਤੇ ਭਾਰਤ ਦੀਆਂ ਬਹੁਤੀਆਂ ਭਾਸ਼ਾਵਾਂ ਨੂੰ ਸਮਝਣ ਵਾਸਤੇ ਇਸ ਦੀ ਸੂਝ-ਬੂਝ ਲਾਜ਼ਮੀ ਹੈ । ਹੋਰ ਭਾਸ਼ਾਵਾਂ ਨਾਲੋਂ ਪੰਜਾਬੀ ਸੰਸਕ੍ਰਿਤ ਦੇ ਬਹੁਤੀ ਨੇੜੇ ਹੈ, ਇਸ ਲਈ ਪੰਜਾਬੀ ਪਾਠਕ ਵਾਸਤੇ ਇਸ ਦਾ ਗਿਆਨ ਪ੍ਰਾਪਤ ਕਰਨਾ ਹੋਰ ਜ਼ਰੂਰੀ ਹੋ ਜਾਂਦਾ ਹੈ । ਪੰਜਾਬੀ ਯੂਨੀਵਰਸਿਟੀ ਇਕ ਪਾਸੇ ਸੰਸਕ੍ਰਿਤ ਦੇ ਕਲਾਸਿਕ ਗ੍ਰੰਥਾਂ ਦਾ ਪੰਜਾਬੀ ਵਿਚ ਅਨੁਵਾਦ ਕਰਵਾ ਕੇ ਦੇਸ਼ ਦੀ ਪ੍ਰਾਚੀਨ ਸੰਸਕ੍ਰਿਤੀ, ਸਾਹਿਤ, ਧਰਮ-ਧਾਰਾ ਅਤੇ ਦਰਸ਼ਨ ਸੰਬੰਧੀ ਚੇਤਨਤਾ ਦਾ ਪ੍ਰਸਾਰ ਕਰਨ ਲਈ ਸਮਰਪਿਤ ਹੈ, ਦੂਜੇ ਪਾਸੇ ਉਹ ਸੰਸਕ੍ਰਿਤ ਭਾਸ਼ਾ ਨੂੰ ਸਮਝਣ ਵਾਸਤੇ ਆਧਾਰ ਸਮੱਗਰੀ ਤਿਆਰ ਕਰਵਾਉਣ ਲਈ ਵੀ ਯਤਨਸ਼ੀਲ ਹੈ ।