ਭਾਸ਼ਾ ਵਿਗਿਆਨ ਦੇ ਖੇਤਰ ਵਿਚ ਨਿਰੁਕਤੀ ਇਕ ਅਸਲੋਂ ਨਿਵੇਕਲੀ ਅਤੇ ਅਜਨਬੀ ਪ੍ਰਕਿਰਤੀ ਦਾ ਵਿਸ਼ਾ ਹੈ। ਸ਼ਬਦਾਂ ਦੇ ਮੌਲਿਕ ਰੂਪ ਅਤੇ ਅਰਥ ਦੀ ਵਿੱਥਿਆ ਨੂੰ ਜਾਣਨ ਲਈ ਇਹ ਜਾਦੂਗਰੀ ਵਾਲਾ ਪ੍ਰਭਾਵ ਰੱਖਦਾ ਹੈ। ਇਸ ਖੇਤਰ ਵਿਚ ਕੰਮ ਕਰਨ ਵਾਲਾ ਵਿਦਵਾਨ ਕਈ ਭਾਸ਼ਾਵਾਂ ਦਾ ਗਿਆਤਾ ਹੀ ਨਹੀਂ ਸਗੋਂ ਇਨ੍ਹਾਂ ਭਾਸ਼ਾਵਾਂ ਦੇ ਸਰੋਤਾਂ, ਸਿਧਾਂਤਾਂ ਅਤੇ ਇਤਿਹਾਸਾਂ ਦਾ ਵੀ ਜਾਣੂ ਹੁੰਦਾ ਹੈ। ਇਸ ਪੁਸਤਕ ਵਿਚ ਲੇਖਕ ਵੱਲੋਂ ਨਿਰੁਕਤੀ ਦੇ ਮਾਮਲੇ ਵਿਚ ਸ਼ਬਦਾਂ ਦੀਆਂ ਗੁੱਥੀਆਂ ਨੂੰ ਸੁਲਝਾਉਣ ਉਪਰਾਲਾ ਕੀਤਾ ਹੈ। ਇਸ ਵਿਚ ਲੇਖਕ ਨੇ ਪੰਜਾਬੀ ਦੀ ਚੋਣਵੀਂ ਸ਼ਬਦਾਵਲੀ ਨੂੰ ਲੈ ਕੇ ਭਾਰੋਪੀ ਭਾਸ਼ਾਵਾਂ ਦੇ ਹਵਾਲਿਆਂ ਸਹਿਤ ਪੰਜਾਬੀ ਨਿਰੁਕਤ ਕੋਸ਼ ਦੀ ਸਾਜਨਾ ਕੀਤੀ ਹੈ।