ਪੱਛਮੀ ਪੰਜਾਬ ਵਿਚ ਪਰਕਾਸ਼ਤ ਹੋਣ ਵਾਲੀਆਂ ਸਾਹਿਤਿਕ ਰਚਨਾਵਾਂ ਵਿਚ ਫਾਰਸੀ-ਅਰਬੀ ਸ਼ਬਦਾਵਲੀ ਦੀ ਬਹੁਲਤਾ ਹੈ। ਧਾਰਮਿਕ, ਦਾਰਸ਼ਨਿਕ, ਸਦਾਚਾਰਕ ਅਤੇ ਸਭਿਆਚਾਰਕ ਸੰਕਲਪਾਂ ਨਾਲ ਸਬੰਧਤ ਪਾਰਿਭਾਸ਼ਿਕ ਸ਼ਬਦਾਵਲੀ ਫਾਰਸੀ-ਅਰਬੀ ਦੀ ਹੈ। ਇਹ ਵਿਦਵਾਨ ਪੰਜਾਬੀ ਨੂੰ ਫਾਰਸੀ-ਅਰਬੀ ਲਿਪੀ ਵਿਚ ਲਿਖਦੇ ਹਨ। ਇਸ ਲਈ ਉਹਨਾਂ ਦੀਆਂ ਰਚਨਾਵਾਂ ਵਿਚ ਫਾਰਸੀ-ਅਰਬੀ ਦੀ ਸ਼ਬਦਾਵਲੀ ਵਧੇਰੇ ਕਰਕੇ ਤਤਸਮ ਰੂਪ ਵਿਚ ਮਿਲਦੀ ਹੈ। ਸਾਹਿਤ-ਸ਼ਾਸਤਰ ਦੀ ਵਿਸ਼ੇਸ਼ ਸ਼ਬਦਾਵਲੀ ਦੀ ਅਰਬੀ-ਫਾਰਸੀ ਦੀਆਂ ਪਰਮਾਣਿਕ ਪੁਸਤਕਾਂ ਵਿਚੋਂ ਗ੍ਰਹਿਣ ਕੀਤੀ ਜਾਂਦੀ ਹੈ। ਪੰਜਾਬੀ ਯੂਨੀਵਰਸਿਟੀ ਵਲੋਂ ‘ਪੰਜਾਬ-ਫਾਰਸੀ ਕੋਸ਼’ ਫਾਰਸੀ ਨੂੰ ਸਹੀ ਢੰਗ ਨਾਲ ਪੜ੍ਹਨ ਲਈ ਇਹ ਉਪਰਾਲਾ ਕੀਤਾ ਗਿਆ ਹੈ। ਇਸ ਵਿਚ ਦਸ ਹਜ਼ਾਰ ਇੰਦਰਾਜ ਕਾਰਡ ਪ੍ਰੋ. ਗੁਲਵੰਤ ਸਿੰਘ ਹੋਰਾਂ ਨੇ ਤਿਆਰ ਕੀਤੇ ਅਤੇ ਕਈ ਸ਼ਬਦਾਂ ਦੇ ਇਕ ਤੋਂ ਵੱਧ ਭਾਵ ਅੱਠ ਅੱਠ ਨੌਂ ਨੌਂ ਫਾਰਸੀ ਅਰਥ ਵੀ ਦਿੱਤੇ ਹਨ। ਪੰਜਾਬੀ ਜ਼ਬਾਨ, ਪੰਜਾਬੀ ਸਭਿਆਚਾਰ ਅਤੇ ਪੰਜਾਬੀਅਤ ਦੇ ਵਿਲੱਖਣ ਮੁਹਾਂਦਰੇ ਨੂੰ ਸਥਾਪਤ ਕਰਨ ਲਈ ਕਰਮਸ਼ੀਲ ਵਿਦਵਾਨ ਇਸ ਕੋਸ਼ ਤੋਂ ਯਥਾਯੋਗ ਲਾਭ ਪਰਾਪਤ ਕਰ ਸਕਣਗੇ।