ਦੇਸ਼ ਦੀ ਆਜ਼ਾਦੀ ਦੇ ਨਾਲ ਦੇਸ਼ ਦੀਆਂ ਭਾਸ਼ਾਵਾਂ ਦੇ ਭਾਗ ਵੀ ਜਾਗੇ ਅਤੇ ਉਹ ਆਪਣੇ ਆਪਣੇ ਖੇਤਰ ਵਿਚ ਜੀਵਨ ਤੇ ਸਿਖਿਆ ਦੇ ਹਰ ਪਹਿਲੂ ਤੇ ਪੱਖ ਵਿਚ ਵਧੇਰੇ ਵਰਤੀਆਂ ਜਾਣ ਲਗੀਆਂ। ਇਲਾਕਾਈ ਭਾਸ਼ਾਵਾਂ ਨੂੰ ਯੋਗ ਸਥਾਨ ਪ੍ਰਾਪਤ ਹੋਣ ਕਾਰਣ ਉਨ੍ਹਾਂ ਦੀਆਂ ਜ਼ਿੰਮੇਦਾਰੀਆਂ ਵੀ ਵਧ ਗਈਆਂ। ਉਨ੍ਹਾਂ ਨੂੰ ਅਜਿਹੀਆਂ ਜ਼ਿੰਮੇਦਾਰੀਆਂ ਨਿਭਾਉਣ ਲਈ ਸ਼ਕਤੀਸ਼ਾਲੀ, ਸਰਵ ਸਮੱਰਥ ਤੇ ਲੋੜ ਅਨੁਸਾਰ ਉੱਨਤ ਹੋਣ ਦੀ ਲੋੜ ਹੈ, ਤਾਂ ਹੀ ਉਹ ਉੱਚ ਤੋਂ ਉੱਚ ਸਿਖਿਆ ਅਤੇ ਵਡੇ ਤੋਂ ਵਡੇ ਕਾਰਜ ਖੇਤਰ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਵਰਤਣ ਯੋਗ ਹੋ ਸਕਣਗੀਆਂ। ‘ਪੰਜਾਬੀ ਪਰਿਆਇ ਤੇ ਵਿਪਰਿਆਇ ਕੋਸ਼’ ਪੁਸਤਕ ਰਾਹੀਂ ਇਸੇ ਲੋੜ ਨੂੰ ਪੂਰਾ ਕਰਨ ਦਾ ਯਤਨ ਕੀਤਾ ਗਿਆ ਹੈ।