ਕਿਸੇ ਭਾਸ਼ਾ ਦੇ ਵਿਕਾਸ ਲਈ ਜਿਸ ਮੁਢਲੀ ਅਤੇ ਬੁਨਿਆਦੀ ਸਮੱਗਰੀ ਦੀ ਲੋੜ ਹੁੰਦੀ ਹੈ, ਉਸ ਵਿੱਚ ਕੋਸ਼ਾਂ ਦਾ ਅਹਿਮ ਸਥਾਨ ਹੈ। ਕੋਸ਼ ਕਿਸੇ ਭਾਸ਼ਾ ਦੇ ਅਧਿਐਨ, ਅਧਿਆਪਨ ਅਤੇ ਸਮੁੱਚੇ ਬਹੁਪੱਖੀ ਵਿਕਾਸ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਅਜੋਕੇ ਯੁੱਗ ਵਿਚ ਅੰਗਰੇਜ਼ੀ ਸੰਸਾਰ ਦੀਆਂ ਪ੍ਰਮੁੱਖ ਭਾਸ਼ਾਵਾਂ ਵਿਚ ਸ਼ੁਮਾਰ ਹੁੰਦੀ ਹੈ। ਅੰਗਰੇਜ਼ੀ-ਪੰਜਾਬੀ ਕੋਸ਼ ਦਾ ਇਹ ਸੋਧਿਆ ਸੰਸਕਰਨ ਅੰਗਰੇਜ਼ੀ ਭਾਸ਼ਾਈ ਜਗਤ ਦੀਆਂ ਗਿਆਨ-ਵਿਗਿਆਨ ਦੇ ਖੇਤਰ ਦੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ਤੋਂ ਜਾਣੂੰ ਕਰਵਾਉਣ, ਅੰਗਰੇਜ਼ੀ ਤੋਂ ਪੰਜਾਬੀ ਵਿੱਚ ਮਾਧਿਅਮ ਪਰਿਵਰਤਨ ਅਤੇ ਅਨੁਵਾਦ ਕਾਰਜਾਂ ਲਈ ਵਿਸ਼ੇਸ਼ ਰੂਪ ਵਿਚ ਸਹਾਈ ਹੋਵੇਗਾ। ਇਸ ਸੰਸਕਰਨ ਵਿਚ ਵਿਗਿਆਨ ਅਤੇ ਤਕਨਾਲੋਜੀ ਆਦਿ ਨਾਲ ਸੰਬੰਧਿਤ ਸਾਢੇ ਤਿੰਨ ਹਜ਼ਾਰ ਤੋਂ ਵੱਧ ਨਵੇਂ ਇੰਦਰਾਜ ਸ਼ਾਮਲ ਕੀਤੇ ਗਏ ਹਨ ਅਤੇ ਇਸ ਤੋਂ ਇਲਾਵਾ ਅਰਥ ਅਤੇ ਤਕਨੀਕੀ ਪੱਖ ਤੋਂ ਵੀ ਅਹਿਮ ਸੋਧਾਂ ਕੀਤੀਆਂ ਗਈਆਂ ਹਨ।