ਕਿਸੇ ਭਾਸ਼ਾ ਦਾ ਟਕਸਾਲੀ ਰੂਪ ਇਕ ਉਪਬੋਲੀ ਹੀ ਹੁੰਦਾ ਹੈ, ਅਜਿਹੀ ਉਪਬੋਲੀ ਜੋ ਸਮਾਜਿਕ ਜਾਂ ਰਾਜਨੀਤਿਕ ਕਾਰਨਾਂ ਕਰਕੇ ਇਕ ਸਾਂਝੇ ਰੂਪ ਵਿਚ ਵਰਤੋਂ ਵਿਚ ਆਉਣ ਲੱਗਦੀ ਹੈ। ਇਸ ਲਈ ਇਹ ਕਹਿਣਾ ਕੋਈ ਅਤਿਕਥਨੀ ਨਹੀਂ ਕਿ ਕੋਈ ਭਾਸ਼ਾ ਆਪਣੀਆਂ ਉਪਬੋਲੀਆਂ ਦੇ ਰੂਪ ਵਿਚ ਹੀ ਜਿਉਂਦੀ ਹੈ। ਸੋ, ਕਿਸੇ ਵੀ ਭਾਸ਼ਾ ਦੇ ਵੱਖ-ਵੱਖ ਰੂਪਾਂ ਨੂੰ ਇਕੱਤਰ ਕਰਕੇ ਦਸਤਾਵੇਜ਼ੀ ਰੂਪ ਦੇਣਾ ਇਸ ਦੇ ਵਿਕਾਸ ਲਈ ਪਹਿਲੀਆਂ ਲੋੜਾਂ ਵਿਚੋਂ ਹੁੰਦਾ ਹੈ। ਮਾਲਵਾ ਖੇਤਰ ਵਿਚ ਪੈਦਾ ਹੋਈਆਂ ਸਮਾਜਿਕ, ਰਾਜਨੀਤਿਕ ਅਤੇ ਸਾਹਿਤਕ ਲਹਿਰਾਂ ਕਾਰਨ ਮਲਵਈ ਉਪਭਾਸ਼ਾ ਨੇ ਪੰਜਾਬੀ ਦੇ ਟਕਸਾਲੀ ਰੂਪ ਨੂੰ ਪ੍ਰਭਾਵਿਤ ਕੀਤਾ ਹੈ, ਵਿਸ਼ੇਸ਼ ਤੌਰ ’ਤੇ ਸ਼ਬਦਾਵਲੀ ਦੇ ਪੱਧਰ ਤੇ। ਇਸ ਲਈ ਪੰਜਾਬੀ ਦੇ ਟਕਸਾਲੀ ਰੂਪ ਦੀ ਸਮਝ ਲਈ ਮਲਵਈ ਉਪਭਾਸ਼ਾ ਦਾ ਇਹ ਕੋਸ਼ ਬੁਨਿਆਦੀ ਲੋੜ ਦੀ ਪੂਰਤੀ ਕਰਦਾ ਹੈ।