ਪੰਜਾਬੀ ਭਾਸ਼ਾ ਵਿਕਾਸ ਦੇ ਜਿਸ ਦੌਰ ਵਿਚੋਂ ਲੰਘ ਰਹੀ ਹੈ ਕਾਨੂੰਨੀ ਦਾਇਰੇ ਵਿੱਚ ਉਸ ਦੀਆਂ ਲੋੜਾਂ ਆਪਣੀ ਕਿਸਮ ਦੀਆਂ ਹਨ। ਭਾਰਤੀ ਸੰਵਿਧਾਨ 1950 ਵਿੱਚ ਅੰਗੀਕਾਰ ਕੀਤਾ ਗਿਆ ਸੀ। 1960 ਵਿਚ ਪਹਿਲੀ ਵਾਰੀ ਪੰਜਾਬ ਰਾਜ ਭਾਸ਼ਾ ਦਾ ਕੋਈ ਜ਼ਿਕਰ ਨਹੀਂ ਸੀ। ਪੰਜਾਬੀ ਭਾਸ਼ਾ ਦਾ ਵੱਖਰਾ ਪ੍ਰਾਂਤ ਬਣ ਜਾਣ ਉਪਰੰਤ ਪੰਜਾਬੀ ਨੂੰ ਕਾਨੂੰਨ ਅਤੇ ਅਦਾਲਤਾਂ ਦੀ ਭਾਸ਼ਾ ਬਣਾਉਣ ਬਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ। ਕਿਉਂਕਿ ਸਾਡਾ ਸਾਰਾ ਕਾਨੂੰਨ ਅੰਗਰੇਜ਼ੀ ਵਿੱਚ ਹੈ। ਇਸ ਲਈ ਆਮ ਅੰਗਰੇਜ਼ੀ-ਪੰਜਾਬੀ ਕੋਸ਼ ਸਾਡੀਆਂ ਕਾਨੂੰਨੀ ਲੋੜਾਂ ਪੂਰੀਆਂ ਨਹੀਂ ਕਰ ਸਕਦਾ। ਇਹ ਕਾਨੂੰਨੀ ਵਿਸ਼ਾ-ਕੋਸ਼ ਇਸ ਲੋੜ ਨੂੰ ਪੂਰੀ ਕਰਦਾ ਹੈ। ਇਸ ਕੋਸ਼ ਵਿਚ ਅੰਗਰੇਜ਼ੀ, ਉਰਦੂ, ਫਾਰਸੀ, ਸੰਸਕ੍ਰਿਤ ਤੋਂ ਇਲਾਵਾ ਰੋਮਨ ਅਤੇ ਲਾਤੀਨੀ ਕਹਾਵਤਾਂ ਸਮੇਤ ਲਗਪਗ ਪੰਜ ਹਜ਼ਾਰ ਤੋਂ ਵੱਧ ਇੰਦਰਾਜ ਸ਼ਾਮਲ ਹਨ। ਇਸ ਵਿਚ ਕਾਨੂੰਨ ਦੀ ਹਰ ਸ਼ਾਖਾ ਜਿਵੇਂ ਕਿ ਐਕਟਾਂ ਦੇ ਪਾਠ, ਨਿਆਂਇਕ ਸ਼ਬਦਾਵਲੀ, ਮਾਲ, ਨਿਜੀ ਕਾਨੂੰਨ, ਕਰਬੰਦੀ, ਸੰਵਿਧਾਨਿਕ, ਦੀਵਾਨੀ ਅਤੇ ਫੌਜਦਾਰੀ ਸ਼ਬਦਾਵਲੀ ਨਾਲ ਸੰਬੰਧਿਤ ਸ਼ਬਦਾਵਲੀ ਦੇ ਨਾਲ-ਨਾਲ ਰੋਮਨ, ਲਾਤੀਨੀ ਆਦਿ ਕਾਨੂੰਨੀ ਕਹਾਵਤਾਂ ਬਾਬਤ ਕਾਫੀ ਸਾਰਾ ਬੁਨਿਆਦੀ ਗਿਆਨ ਇਸ ਕੋਸ਼ ਵਿਚ ਸਮੋਇਆ ਮਿਲਦਾ ਹੈ ਜੋ ਆਮ ਆਦਮੀ ਦੀ ਕਾਨੂੰਨੀ ਜਾਣਕਾਰੀ ਲਈ ਲਾਭਦਾਇਕ ਸਿੱਧ ਹੋਵੇਗਾ ਅਤੇ ਮਿੰਨੀ ਕਾਨੂੰਨੀ ਵਿਸ਼ਵਕੋਸ਼ ਦਾ ਕੰਮ ਦੇਵੇਗਾ।