ਪੁਸਤਕ ਵਿਚ ਇਕ ਸਾਧਾਰਣ ਘਰਾਣੇ ਦੀ ਹਾਲਤ ਬਿਆਨ ਕੀਤੀ ਹੈ, ਜਿਸ ਨੂੰ ਐਸੇ ਸੁਹਣੇ ਤੇ ਦਿਲ ਲੁਭਾਉਣੇ ਢੰਗ ਨਾਲ ਤੋੜ ਨਿਭਾਇਆ ਹੈ ਕਿ ਆਪਣੇ ਆਪ ਮੂੰਹੋਂ ਵਾਹ ਵਾਹ ਨਿਕਲ ਜਾਂਦੀ ਹੈ । ਖਾਸ ਕਰਕੇ ਮਿਠੀ ਬੋਲੀ, ਸੁਭਾਵਕ ਘਟਨਾਵਾਂ ਤੇ ਲੇਖ-ਲੜੀ ਦੀ ਪੂਰਨਤਾ ਵਿਚ ਤਾਂ ਕਮਾਲ ਹੀ ਕਰ ਦਿਤੀ ਹੈ । ਇਸ ਤੋਂ ਬਿਨਾਂ ਇਸ ਵਿਚ ਮਨੁਖੀ ਜਜ਼ਬਿਆਂ ਨੂੰ, ਜਿਹਾ ਕਿ ਦੁਖ, ਘਬਰਾਹਟ, ਵਿਜੋਗ, ਮਿਲਾਪ, ਘ੍ਰਿਣਾ, ਈਰਖਾ ਤੇ ਪਿਆਰ ਆਦਿ ਦਾ, ਕਲਮ ਨਾਲ ਐਸੇ ਕੁਦਰਤੀ ਰੰਗ ਵਿਚ ਨਕਸ਼ਾ ਖਿਚਿਆ ਹੈ ਕਿ ਪੜ੍ਹਨ ਵਾਲਾ ਕੁਝ ਚਿਰ ਲਈ ਇਹ ਭੁੱਲ ਜਾਂਦਾ ਹੈ ਕਿ ਉਹ ਕੋਈ ਪੁਸਤਕ ਪੜ੍ਹ ਰਿਹਾ ਹੈ ।