ਜੀਵਨ ਦੀ ਸੰਖੇਪ ਜਿਹੀ ਰਣ-ਭੂਮੀ ਵਿਚ ਦੋਂਹ ਪਰਸਪਰ ਵਿਰੋਧੀ ਤਾਕਤਾਂ ਦੀ ਲੜਾਈ ਸੱਠ ਕੁ ਦਿਨ ਜਾਰੀ ਰਹੀ ਹੈ । ਇਕ ਪਾਸੇ ਦੈਵੀ ਤਾਕਤ ਸੀ, ਦੂਜੇ ਪਾਸੇ ਦਾਨਵੀ । ਇਹਨਾਂ ਦੁਹਾਂ ਤਾਕਤਾਂ ਦੇ ਅਧੀਨ ਖਾਸ ਤੌਰ ਤੇ ਪੰਜ ਪਾਤਰ ਏਸ ਰਣ-ਭੂਮੀ ਵਿਚ ਵਾਰੋ ਵਾਰੀ ਸ਼ਾਮਲ ਹੁੰਦੇ ਰਹੇ ਨੇ – ਪੂਰਨ ਚੰਦ, ਬਖਸ਼ੀ ਧਰਮ ਚੰਦ, ਬਲਵੰਤ, ਊਸ਼ਾ ਤੇ ਚੰਪਾ । ਪੰਜਾਂ ਤੋਂ ਛੁਟ ਕੁਝ ਹੋਰ ਵੀ – ਦੇਵ ਰਾਜ, ਲਾਜਵੰਤੀ, ਲੱਛਮੀ ਆਦਿ । ਜਿਹੜੇ ਇਸ ਮੈਦਾਨਿ-ਜੰਗ ਵਿਚ ਸਿੱਧਾ ਕੁੱਦਣ ਦੇ ਥਾਂ ਪਿੱਛੇ ਬੈਠੇ ਆਪੋ-ਆਪਣੇ ਦਾਉ ਪੇਚ ਕਰਦੇ ਰਹੇ ਹਨ । ਤੇ ਏਸ ਲੜਾਈ ਦਾ ਅੰਤਮ ਸਿੱਟਾ ਕੀ ਨਿਕਲਿਆ ? ਜਿੱਤ ਦਾ ਸੇਹਰਾ ਕਿਸ ਤਾਕਤ ਦੇ ਸਿਰ ਬੱਝਾ ਤੇ ਹਾਰ ਦੀ ਜ਼ਿੱਲਤ ਕਿਸ ਨੂੰ ਉਠਾਣੀ ਪਈ ? ਪਾਠਕ ਜਨ ਇਹ ਸਭ ਕੁਝ ਇਸ ਨਾਵਲ ਵਿਚ ਦੇਖਣਗੇ । ਉਪਰੋਕਤ ਪੰਜੇ ਪਾਤਰ ਆਪੋ ਆਪਣੇ ਥਾਂ ਵੱਖੋ-ਵੱਖਰੇ, ਗੁਣਾਂ, ਕਰਮਾਂ ਤੇ ਸੁਭਾਵਾਂ ਦੇ ਮਾਲਕ ਹਨ, ਜਿਨ੍ਹਾਂ ਰਾਹੀਂ ਜੀਵਨ-ਗੁੰਝਲਾਂ ਦੇ ਕਈ ਹੱਲ ਪਾਠਕਾਂ ਦੀ ਦ੍ਰਿਸ਼ਟੀ-ਗੋਚਰ ਹੋਣਗੇ ।