ਨਾਟਲ ‘ਸੱਤ ਬਗਾਨੇ’ ਵਿਚ ਲੇਖਕ ਦੇ ਅਨੁਭਵ-ਜਗਤ, ਉਸਦੀ ਯਥਾਰਥ-ਸੋਝੀ ਅਤੇ ਉਸਦੀ ਰਚਨਾਤਮਕ ਨਾਟਕੀ ਸਮਰੱਥਾ ਦਾ ਭਰਪੂਰ ਪਰਿਚਯ ਮਿਲਦਾ ਹੈ । ਇਹ ਸੰਪੂਰਨ ਨਾਟਕ ‘ਤੂੜੀ ਵਾਲਾ ਕੋਠਾ’ ਸ਼ੀਰਸ਼ਕ ਹੇਠ ਇਕਾਂਗੀ ਨਾਟਕ ਵਜੋਂ ਪਹਿਲਾਂ ਵੀ ਛਪ ਚੁਕਿਆ ਹੈ ਅਤੇ ਕਈ ਵਾਰ ਮੰਚਿਤ ਵੀ ਹੋਇਆ ਹੈ । ਇਕਾਂਗੀ ਨਾਟਕ ਨੂੰ ਪੂਰੇ ਨਾਟਕ ਵਿਚ ਢਾਲਣ ਸਮੇਂ ਔਲਖ ਨੇ ਮੂਲ ਨਾਟਕੀ ਕਥਾ ਦੀਆਂ ਲੁਪਤ ਪਰ ਮਹੱਤਵਪੂਰਣ ਸੰਭਾਵਨਾਵਾਂ ਨੂੰ ਸਾਕਾਰ ਕਰਨ ਦਾ ਯਤਨ ਕੀਤਾ ਹੈ, ਅਤੇ ਇਸ ਉਦੇਸ਼ ਦੀ ਪੂਰਤੀ ਲਈ ਲੋੜ ਅਨੁਸਾਰ ਮੂਲ ਨਾਟਕੀ ਕਥਾ ਨੂੰ ਕੁਝ ਪੱਖਾਂ ਤੋਂ ਤਬਦੀਲ ਵੀ ਕੀਤਾ ਹੈ ।