ਅਜਮੇਰ ਔਲਖ ਅਜੋਕੇ ਪੰਜਾਬੀ ਨਾਟਕ ਦਾ ਇਕ ਪ੍ਰਮੁੱਖ ਹਸਤਾਖ਼ਰ ਹੈ । ਉਹਦੀਆਂ ਨਾਟਕ ਕਿਰਤਾਂ ਵਿਚ ਵੰਨ-ਸੁਵੰਨਤਾ ਹੈ । ਉਹਨਾਂ ਵਿਚ ਜਿਥੇ ਰਾਜਸੀ ਵਿਅੰਗ, ਸਮਾਜਿਕ ਇਨਸਾਫ਼ ਦੀ ਚੇਤਨਾ, ਮਨੁੱਖ ਖਾਸ ਕਰਕੇ ਥੁੜੇ ਹੋਏ ਮਨੁੱਖ ਦੇ ਅੰਤਰੀਵ ਮਨ ਵਿਚ ਵਾਪਰ ਰਿਹਾ ਵਰਤਾਰਾ ਆਦਿਕ ਸ਼ਾਮਿਲ ਹਨ, ਉਥੇ ਉਹਦੀ ਵਿਸ਼ੇਸ਼ ਦੇਣ ਪੇਂਡੂ ਰੰਗਮੰਚ ਨੂੰ ਸਿਖਰ ਤਕ ਪਹੁੰਚਾਣ ਦੀ ਹੈ । ਪੇਂਡੂ ਰੰਗਮੰਚ ਦੀ ਆਪਣੀ ਇਕ ਸ਼ੈਲੀ ਹੈ, ਆਪਣਾ ਇਕ ਮੁਹਾਵਰਾ ਹੈ । ਵਿਸ਼ਵ ਨਾਟਕ ਦੇ ਵਿਦਿਆਰਥੀ ਜਾਂ ਵਿਸ਼ਵ ਨਾਟਕ ਬਾਰੇ ਜਾਣਕਾਰੀ ਰਖਣ ਵਾਲੇ ਸਹਿਜੇ ਹੀ ਆਖ ਸਕਦੇ ਹਨ ਕਿ ਅਜਮੇਰ ਔਲਖ ਦਾ ਪੇਂਡੂ ਰੰਗਮੰਚ ਵਿਸ਼ਵ ਪੱਧਰ ਦਾ ਹੈ । ਇਥੇ ਅਜਮੇਰ ਔਲਖ ਦੇ ਇਕਾਂਗੀ, ਲਘੂ ਨਾਟਕਾਂ ਅਤੇ ਪੂਰੇ ਨਾਟਕਾਂ ਦਾ ਜ਼ਿਕਰ ਪੇਂਡੂ ਰੰਗਮੰਚ ਦੇ ਸੰਦਰਭ ਵਿਚ ਹੀ ਕੀਤਾ ਜਾ ਰਿਹਾ ਹੈ ।