‘ਅੰਨ੍ਹੇ ਨਿਸ਼ਾਨਚੀ’ ਪੰਜਾਬ ਦੀ ਸੰਪਰਦਾਇਕ ਫਿਜ਼ਾ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਗਿਆ ਹੈ । 1947 ਦੇ ਸੰਪਰਦਾਇਕ ਫਸਾਦਾਂ ਦੀ ਪਿੱਠ-ਭੂਮੀ ਤੇ ਉਸਰਿਆ ਹੋਇਆ ਇਹ ਨਾਟਕ ਨਾਟਕੀ ਕਲਾ ਦੀ ਸਮੁੱਚੀ ਸ਼ਕਤੀ ਦੁਆਰਾ ਇਨ੍ਹਾਂ ਅਰਥਾਂ ਦਾ ਸੰਚਾਰ ਕਰਦਾ ਹੈ ਕਿ ਸੰਪਰਦਾਇਕ ਵਿਤਕਰੇ ਵਾਸਤਵ ਵਿਚ, ਅਧਿਕਾਰਸ਼ੀਲ ਵਰਗਾਂ ਦੇ ਹਿੱਤਾਂ ਦੀ ਪੂਰਤੀ ਦੇ ਸਾਧਨ ਹੁੰਦੇ ਹਨ । ਆਪਣੇ ਹਿੱਤਾਂ ਦੀ ਇਤਿਹਾਸਕ ਚੇਤਨਾ ਦੀ ਅਣਹੋਂਦ ਵਿਚ ਲੋਕ ਆਪਣੇ ਸ਼ਾਸਕਾਂ ਦੇ ਪੱਖ ਵਿਚ ਜਾ ਭੁਗਤਦੇ ਹਨ । ਉਨ੍ਹਾਂ ਦੀ ਚੇਤਨਾ ਨੂੰ ਖੁੰਢਾ ਕਰਨ ਵਿਚ ਵਰਤਮਾਨ ਸੰਚਾਰ-ਸਾਧਨਾਂ ਦਾ ਵੀ ਬੜਾ ਵੱਡਾ ਹੱਥ ਹੈ । ਖੜਕ ਸਿੰਘ ਵਰਗੇ ਲੋਕ ਫੱਟੇ ਚੱਕ ਵਰਗਿਆਂ ਦੀ ਜ਼ਮੀਨ ਵੀ ਹਥਿਆਉਂਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਹਿੱਤਾਂ ਲਈ ਵਰਤਦੇ ਵੀ ਹਨ । 1947 ਵਿਚ ਇਨ੍ਹਾਂ ਨੇ ਅਸਲੀਅਤ ਨੂੰ ਹਿੰਦੂ-ਸਿੱਖ ਅਤੇ ਮੁਸਲਮਾਨ ਮਜ਼ਹਬ ਦੀ ਲੜਾਈ ਦਾ ਰੰਗ ਦੇ ਕੇ ਵਰਤਿਆ ਸੀ ਅਤੇ ਅੱਜ ਹਿੰਦੂ ਅਤੇ ਸਿੱਖ ਧਰਮਾਂ ਦੇ ਪਹਿਰਾਵੇ ਵਿਚ ਉਹੀ ਖੇਡ ਖੇਡੀ ਜਾ ਰਹੀ ਹੈ । ਗੁਰਮੁਖ ਸਿੰਘ ਵਰਗਾ ਕੋਈ ਗੁਰਸਿੱਖ ਜੇ ਸਿੱਖੀ ਦੇ ਅਸਲ ਅਰਥਾਂ ਦੀ ਗੱਲ ਕਰਦਾ ਹੈ ਤਾਂ ਉਹ ਖੜਕ ਸਿੰਘ ਵਰਗਿਆਂ ਦੀ ਗੋਲੀ ਦਾ ਨਿਸ਼ਾਨਾ ਬਣਦਾ ਹੈ । ਨਾਟਕ ਦੁਖਾਂਤ ਹੈ, ਪਰ ਦੁਖਾਂਤ ਵੀ ਭਵਿੱਖ ਦੀ ਦਰੁਸਤ ਇਤਿਹਾਸਕ ਚੇਤਨਾ ਦਾ ਸੰਚਾਰ ਕਰ ਜਾਂਦਾ ਹੈ ਜਦੋਂ ਆਪਣਾ ਘਰ-ਘਾਟ ਗੁਆ ਚੁੱਕਿਆ ਫੱਟੇ ਚੱਕ ਵਰਗਾ ਕੋਈ ਵਿਅਕਤੀ ਪਛਤਾਵੇ ਦੀ ਅੱਗ ਵਿਚ ਸੜਦਾ ਹੋਇਆ ਖੜਕ ਸਿੰਘ ਦਾ ਹੁਕਮ ਮੰਨਣ ਤੋ ਇਨਕਾਰ ਕਰ ਦਿੰਦਾ ਹੈ । ਤਤਕਰਾ ਕੁਝ ਗੁਸਤਾਖੀਆਂ / 7 ਜਦੋਂ ਬੋਹਲ ਰੋਂਦੇ ਹਨ / 9 ਅੰਨ੍ਹੇ ਨਿਸ਼ਾਨਚੀ / 34 ਸਿੱਧਾ ਰਾਹ, ਵਿੰਗਾ ਬੰਦਾ / 56 ਲੋਹੇ ਦਾ ਪੁੱਤ / 68