ਇਸ ਸੰਖੇਪ ਆਕਾਰ ਦੀ ਪੁਸਤਕ ਵਿਚ ਇਨ੍ਹਾਂ ਪਾਵਨ ਸਤਿਗੁਰਾਂ ਬਾਰੇ ਇਤਿਹਾਸਕ ਖੋਜ, ਦਾਰਸ਼ਨਿਕ ਵਿਆਖਿਆ, ਹੁਕਮਨਾਮਿਆਂ, ਨਿਕਟਵਰਤੀ ਸਿੱਖਾਂ, ਯਾਦਗਾਰੀ ਸਥਾਨਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਚਿੱਤ੍ਰ ਨਾਟਕ ਵਿਚਲੀ ਸ਼ਰਧਾਂਜਲੀ ਤੋਂ ਲੈ ਕੇ ਸਮਕਾਲੀ ਇਤਿਹਾਸਕਾਰਾਂ ਤਕ ਦੀ ਸਮੱਗਰੀ ਦਾ ਸਾਰ ਦਿੱਤਾ ਗਿਆ ਹੈ। ਲੇਖਕ ਨੇ ਪਰੰਪਰਾਵਾਦੀ ਬ੍ਰਿਤਾਂਤ ਦੇ ਅਨੁਕੂਲ ਰਹਿ ਕੇ ਵੀ ਜੋ ਨਵੀਂ ਖੋਜ, ਵਿਸ਼ੇਸ਼ ਕਰਕੇ ਭੱਟ ਵਹੀਆਂ ਦੇ ਆਧਾਰ ਉਪਰ ਹੋਈ ਹੈ, ਉਸਨੂੰ ਵਰਤੋਂ ਵਿਚ ਲਿਆ ਕੇ ਪ੍ਰਚੱਲਤ ਪਰੰਪਰਾ ਦਾ ਵਿਸ਼ਲੇਸ਼ਨ ਕੀਤਾ ਹੈ। ਜਿਥੇ ਇਹ ਪੁਸਤਕ ਸ਼ਰਧਾ ਨੂੰ ਪਰਿਪੱਕ ਕਰ ਕੇ ਧਰਮ ਪ੍ਰਚਾਰ ਦੇ ਆਸ਼ੇ ਵਿਚ ਸਹਾਈ ਹੁੰਦੀ ਹੈ, ਉਥੇ ਖੋਜ ਅਤੇ ਇਤਿਹਾਸਕ ਤੱਥ ਵਿਚ ਵਾਧਾ ਕਰ ਕੇ ਇਸ ਨੇ ਆਪਣੇ ਲਈ ਸਤਿਕਾਰ-ਯੋਗ ਪ੍ਰਵਾਣਿਤ ਸਥਾਨ ਅਵੱਸ਼ ਬਣਾ ਲਿਆ ਹੈ। ਇਸ ਵਿੱਚੋਂ ਹਰ ਪੱਧਰ ਦੇ ਪਾਠਕ ਨੂੰ ਭਰਪੂਰ ਵਾਕਫ਼ੀਅਤ ਪ੍ਰਾਪਤ ਹੋ ਸਕਦੀ ਹੈ ਅਤੇ ਗੁਰੂ ਸਾਹਿਬ ਦੇ ਵਿਅਕਤਿੱਤਵ, ਜੀਵਨ ਦਰਸ਼ਨ, ਪਰੋਪਕਾਰ ਅਤੇ ਇਤਿਹਾਸਕ ਮਹੱਤਾ ਦੇ ਸਮੁੱਚੇ ਪੱਖ ਉਜਾਗਰ ਹੁੰਦੇ ਹਨ।