ਇਸ ਪੁਸਤਕ ਵਿਚ ਫ਼ਾਰਸੀ ਦੀਆਂ ਲਿਖਤਾਂ ਦੀ ਗੰਭੀਰਤਾ ਸਹਿਤ ਪੁਣ-ਛਾਣ ਕਰ ਕੇ ਗੁਰੂ ਸਾਹਿਬ ਦੀ ਸ਼ਹੀਦੀ ਬਾਰੇ ਭਰਮ-ਭੁਲੇਖੇ ਉਪਜਾਉਣ ਵਾਲੇ ਫ਼ਾਰਸੀ ਦੇ ਇਨ੍ਹਾਂ ਇਤਿਹਾਸਕਾਰਾਂ ਦੀ ਅਸਲੀਅਤ ਤੋਂ ਪਹਿਲੀ ਵਾਰ ਪਰਦਾ ਚੁੱਕਿਆ ਗਿਆ ਹੈ । ਇਸ ਅਧਿਐਨ ਵਿਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਸਾਕੇ ਅਤੇ ਇਸ ਦੇ ਪ੍ਰਭਾਵ ਨੂੰ ਨਾ ਕੇਵਲ ਹਿੰਦੁਸਤਾਨ ਦੇ ਸੰਦਰਭ ਵਿਚ ਬਲਕਿ ਦੱਖਣ-ਏਸ਼ੀਆ ਦੇ ਪਰਿਪੇਖ ਵਿਚ ਇਤਿਹਾਸ ਦਾ ਰੁਖ਼ ਬਦਲ ਦੇਣ ਦੀ ਹਕੀਕਤ ਨੂੰ ਵੀ ਸਾਹਮਣੇ ਲਿਆਂਦਾ ਗਿਆ ਹੈ । ਇਸ ਵਿਚ ਗੁਰੂ ਸਾਹਿਬ ਦੀ ਸ਼ਹੀਦੀ ਦੇ ਤਤਕਾਲੀ ਦੇ ਦੂਰਗਾਮੀ ਪ੍ਰਭਾਵ ਅਤੇ ਆਧੁਨਿਕ ਯੁਗ ਵਿਚ ਪ੍ਰਸੰਗਕਿਤਾ ਨੂੰ ਜਾਂਚਣ-ਪਰਖਣ ਤੋਂ ਇਲਾਵਾ ਗੁਰੂ ਸਾਹਿਬ ਦੀ ਬਹੁ-ਪੱਖੀ ਸ਼ਖ਼ਸੀਅਤ ਉਪਰ ਵੀ ਚਾਨਣਾ ਪਾਇਆ ਗਿਆ ਹੈ । ਇਸ ਅਧਿਐਨ ਨੂੰ ਸਰੰਜਾਮ ਦੇਣ ਲਈ ਸਿੱਖ ਧਰਮ ਤੇ ਇਤਿਹਾਸ ਦੇ ਬੁਨਿਆਦੀ ਤੇ ਮੁੱਢਲੇ ਸਰੋਤਾਂ ਤੋਂ ਇਲਾਵਾ ਫ਼ਾਰਸੀ ਦੇ ਸਮਕਾਲੀ ਤੇ ਨਿਕਟ ਸਮਕਾਲੀ ਇਤਿਹਾਸਕਾਰਾਂ ਦੀਆਂ ਲਿਖਤਾਂ ਨੂੰ ਹੀ ਆਧਾਰ ਬਣਾਇਆ ਹੈ ।