ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੇ ਭਾਰਤ ਦੇ ਇਤਿਹਾਸ ਉਪਰ ਸਦੀਵੀ ਛਾਪ ਛੱਡੀ । ਇਸ ਸ਼ਹੀਦੀ ਦੁਆਰਾ ਮਨੁੱਖਤਾ ਦਾ ਧਿਆਨ ਧਾਰਮਿਕ ਸਹਿਸ਼ੀਲਤਾ, ਸਾਂਝੀਵਾਲਤਾ ਅਤੇ ਸਹਿ-ਹੋਂਦ ਦੇ ਮਹੱਤਵ ਵੱਲ ਉਚੇਚੇ ਤੌਰ ’ਤੇ ਖਿੱਚਿਆ ਗਿਆ ਅਤੇ ਇਸੇ ਅਮਲ ਵਿਚੋਂ ਮੂਲ ਮਨੁੱਖੀ ਅਧਿਕਾਰਾਂ ਪ੍ਰਤੀ ਸੰਕਲਪ ਦੇ ਵਿਕਾਸ ਦਾ ਮੁੱਢ ਵੀ ਬੱਝਾ । ਇਹ ਪੁਸਤਕ ਔਰੰਗਜ਼ੇਬ ਵੱਲੋਂ ਕੀਤੇ ਜਾ ਰਹੇ ਭਾਰਤ ਦੇ ਇਸਲਾਮੀਕਰਣ ਦੇ ਵਿਰੋਧ ਵਿਚ ਆਮ ਜਨਤਾ ਨੂੰ ਲਾਮਬੰਦ ਕਰਨ ਲਈ ਗੁਰੂ ਸਾਹਿਬ ਵੱਲੋਂ ਕੀਤੇ ਉਪਰਾਲਿਆਂ ਦਾ ਉਲੇਖ ਕਰ ਕੇ ਗੁਰੂ ਸਾਹਿਬ ਦੀ ਬੇਮਿਸਾਲ ਸ਼ਹਾਦਤ ਨੂੰ ਵੱਡੇ ਪਰਿਪੇਖ ਵਿਚ ਪੇਸ਼ ਕਰਨ ਦਾ ਨਿਮਾਣਾ ਜਤਨ ਹੈ ।