ਗੁਰੂ ਨਾਨਕ ਦੇਵ ਜੀ ਨੇ ਜਗਤ-ਉਧਾਰ ਫੇਰੀਆਂ ਉਪਰੰਤ ਕਰਤਾਰਪੁਰ ਵਿਖੇ 18 ਸਾਲ ਨਿਵਾਸ ਕੀਤਾ, ਪਹਿਲੀ ਧਰਮਸਾਲ ਬਣਾਈ ਅਤੇ ਸਿੱਖ ਜੀਵਨ-ਜਾਚ ਦਾ ਵਿਹਾਰਕ ਮਾਡਲ ਪੇਸ਼ ਕੀਤਾ ਅਤੇ ਇਸੇ ਅਸਥਾਨ 'ਤੇ 1539 ਵਿੱਚ ਜੋਤੀ ਜੋਤਿ ਸਮਾਏ । ਇਹ ਅਸਥਾਨ ਢਾਈ ਸਦੀਆਂ ਹਿੰਦੂਆਂ ਅਤੇ ਮੁਸਲਮਾਨਾਂ ਦੀ ਸ਼ਰਧਾ ਤੇ ਆਸਥਾ ਦਾ ਕੇਂਦਰ ਰਿਹਾ ਅਤੇ ਸਿੱਖ ਰਾਜ ਦੌਰਾਨ ਇਹ ਗੁਰੂ-ਧਾਮ ਵਜੋਂ ਵਿਕਸਤ ਹੋਇਆ । ਇਸ ਵਡਮੁੱਲੇ ਵਿਰਸੇ ਸੰਬੰਧੀ ਇਹ ਪੁਸਤਕ ਸਮਕਾਲੀ ਸਰੋਤਾਂ ਦੇ ਆਧਾਰ 'ਤੇ ਵਚਿੱਤਰ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ। ਦੇਸ਼-ਵੰਡ ਉਪਰੰਤ ਇਸ ਅਸਥਾਨ ਦੇ ਦਰਸ਼ਨਾਂ ਦੀ ਤਾਂਘ ਸੰਗਤੀ ਅਰਦਾਸ ਦੁਆਰਾ ਕਿਵੇਂ ਹਕੀਕਤ ਬਣਦੀ ਹੈ, ਇਹ ਵੀ ਚਮਤਕਾਰ ਤੋਂ ਘੱਟ ਨਹੀਂ। ਇਹ ਸਾਰੇ ਇਤਿਹਾਸਕ ਬਿਰਤਾਂਤ ਲੇਖਕ ਨੇ ਸੁਚੱਜੇ ਢੰਗ ਨਾਲ ਪੇਸ਼ ਕੀਤੇ ਹਨ।