ਇਹ ਕੋਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਿਰੂਪਣ ਹੋਏ ਅਧਿਆਤਮਕ, ਦਾਰਸ਼ਨਿਕ, ਰਹੱਸਵਾਦੀ, ਧਾਰਮਿਕ ਅਤੇ ਨੈਤਿਕ ਸਿੱਧਾਂਤਾਂ ਦਾ ਹੈ। ਆਮ ਕਰਕੇ ਸਿੱਧਾਂਤਕ ਸ਼ਬਦਾਵਲੀ ਨੂੰ ਹੀ ਸਿੱਧਾਂਤਾਂ ਦਾ ਸੂਚਕ ਮੰਨ ਕੇ ਸਿਰਲੇਖਾਂ ਵਿਚ ਰਖਿਆ ਹੈ ਅਤੇ ਪਰ ਸਿੱਧਾਂਤ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ ਭਿੰਨ ਭਿੰਨ, ਪੱਖਾਂ, ਰੂਪਾਂ ਤੇ ਰੰਗਾਂ ਨੂੰ ਪਰਿਭਾਸ਼ਕ ਸਮਰੱਥਾ ਵਾਲੀਆਂ ਪੰਗਤੀਆਂ ਦੁਆਰਾ ਉਜਾਗਰ ਕਰਨ ਦਾ ਯਤਨ ਕੀਤਾ ਹੈ। ਇਸ ਵਿਚ ਸਿਵਾਇ ਹਿੰਦੂ ਧਰਮ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ ਅਨਯ-ਧਰਮਾਂ ਬਾਰੇ ਸੰਕੇਤਾਂ ਨੂੰ ਉਸ ਧਰਮ ਦੇ ਮੁੱਖ ਸਿਰਲੇਖ ਅਧੀਨ ਉਪ-ਸਿਰਲੇਖ ਦੇ ਕੇ, ਇਕੋ ਥਾਂ ਦਰਜ ਕੀਤਾ ਹੈ ਪਰ ਹਿੰਦੂ ਧਰਮ ਬਾਰੇ ਆਏ ਸਿੱਧਾਂਤਾਂ ਨੂੰ ਸਿਰਲੇਖ-ਕ੍ਰਮ ਅਨੁਸਾਰ ਨਿਸਚਿਤ ਥਾਂ ਤੇ ਦਿੱਤਾ ਗਿਆ ਹੈ। ਇਸ ਵਿਚ ਕੋਸ਼ਕਾਰੀ ਦੇ ਨਿਯਮਾਂ ਅਨੁਸਾਰ ਸਾਰੇ ਸਿੱਧਾਂਤਕ ਸਿਰਲੇਖ ਪੈਂਤੀ ਤੇ ਲਗ-ਮਾਤਰਾਂ ਕ੍ਰਮ ਅਨੁਸਾਰ ਦਰਜ ਕੀਤੇ ਗਏ ਹਨ। ਹਰ ਟੂਕ ਨਾਲ ਹਵਾਲਾ ਰਾਗ, ਮਹਲਾ, ਕਾਵਿ-ਰੂਪ (ਪਦਾ, ਅਸ਼ਟਪਦੀ, ਛੰਤ, ਵਾਰ ਜਾਂ ਹੋਰ ਬਾਣੀ) ਤੇ ਉਸ ਦਾ ਅੰਕ ਅਤੇ ਗੁਰੂ ਗ੍ਰੰਥ ਸਹਿਬ ਦਾ ਪੰਨਾ ਦੇ ਕੇ ਦਿੱਤਾ ਗਿਆ ਹੈ।