ਇਸ ਰਚਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਬੰਧੀ ਸੰਕੇਤ ਪੁਸਤਕਾਵਲੀ (Reference Books) ਵਿਚ ਇਕ ਬੜਾ ਨਿੱਗਰ ਵਾਧਾ ਹੋਇਆ ਹੈ। ਇਹ ਪੁਸਤਕ ਉਸ ਲੜੀ ਦਾ ਇਕ ਅਮੋਲਕ ਮੋਤੀ ਹੈ ਜਿਸ ਵਿਚ ਪਹਿਲਾਂ ਭਾਈ ਕਾਹਨ ਸਿੰਘ ਜੀ ਦਾ ‘ਮਹਾਨ ਕੋਸ਼’, ਅਕਾਲੀ ਕੌਰ ਸਿੰਘ ਦਾ ‘ਗੁਰ ਸ਼ਬਦ ਰਤਨ ਪ੍ਰਕਾਸ਼’, ਪੰਜਾਬੀ ਯੂਨੀਵਰਸਿਟੀ ਦਾ ‘ਗੁਰੂ ਗ੍ਰੰਥ ਵਿਚਾਰ ਕੋਸ਼’ ਤੇ ‘ਗੁਰੂ ਗ੍ਰੰਥ ਸ਼ਬਦਾਰਥ’ ਆਦਿ ਹਨ। ਇਹ ਅਨੁਕ੍ਰਮਣਿਕਾ ਖੋਜ ਵਿਚ ਲਗੇ ਵਿਦਵਾਨਾਂ ਨੂੰ ਇਹ ਸੁਵਿਧਾ ਦੇਵੇਗੀ ਕਿ ਉਹ ਆਦਿ ਗ੍ਰੰਥ ਵਿਚ ਆਏ ਕਿਸੇ ਸਿੱਧਾਂਤਿਕ ਜਾਂ ਪਰਿਭਾਸ਼ਿਕ ਸ਼ਬਦ ਦੇ ਸਾਰੇ ਹਵਾਲੇ ਇਕੋ ਥਾਂ ਤੋਂ ਪ੍ਰਾਪਤ ਕਰ ਸਕਣਗੇ; ਆਦਿ ਗ੍ਰੰਥ ਵਿਚ ਵਰਤੇ ਕਿਸੇ ਸ਼ਬਦ ਦੇ ਇਕਸਾਰ ਜਾਂ ਭਿੰਨ ਭਿੰਨ ਸ਼ਬਦ-ਜੋੜ ਤੇ ਸਰੂਪ ਦੇਖ ਸਕਣਗੇ; ਕਿਸੇ ਪੁਰਾਤਨ ਪੰਜਾਬੀ ਦੇ ਮੁਹਾਵਰੇ ਦੇ ਬਹੁਤੇ ਰੂਪਾਂ ਨੂੰ ਨਿਸ਼ਚਿਤ ਕਰ ਸਕਣਗੇ; ਕਿਸੇ ਸ਼ਬਦ ਦੇ ਪਰਯਾਯਵਾਚੀ ਤੇ ਵਿਪਰਯਾਯਵਾਚੀ ਸ਼ਬਦਾਂ ਨੂੰ ਲਭ ਸਕਣਗੇ ਅਤੇ ਕਿਸੇ ਮੁਹਾਵਰੇ ਦੇ ਭਿੰਨ ਰੂਪਾਂ ਦੇ ਵਿਕਾਸ ਬਾਰੇ ਕੁਝ ਸੰਕੇਤ ਪ੍ਰਾਪਤ ਕਰ ਸਕਣਗੇ, ਗੁਰੂ ਗ੍ਰੰਥ ਸਾਹਿਬ ਦੀ ਬੋਲੀ ਦੇ ਵਿਆਕਰਣਿਕ ਨਿਯਮਾਂ ਬਾਰੇ ਵਿਗਿਆਨਿਕ ਤੌਰ ਤੇ ਸਪੱਸ਼ਟ ਹੋ ਸਕਣਗੇ। ਇਸ ਅਨੁਕ੍ਰਮਣਿਕਾ ਦੀ ਸਭ ਤੋਂ ਵਡੀ ਦੇਣ ਆਦਿ ਗ੍ਰੰਥ ਦੀ ਵਿਚਾਰਧਾਰਾ, ਦਰਸ਼ਨ ਤੇ ਸਿੱਧਾਂਤਾਂ ਦਾ ਨਿਰਣਾ ਕਰਨ ਨੂੰ ਹੋਵੇਗੀ। ਇਸ ਅਨੁਕ੍ਰਮਣਿਕਾ ਦੇ ਸੰਕੇਤਾਂ ਤੋਂ ਆਦਿ ਗ੍ਰੰਥ ਦੀ ਸੰਪਾਦਕੀ ਤਰਤੀਭ ਆਦਿ ਬਾਰੇ ਵੀ ਬਹੁਤ ਕੁਝ ਪਤਾ ਲਗ ਸਕਦਾ ਹੈ। ਇਸ ਤਰ੍ਹਾਂ ਇਹ ਕੇਵਲ ਸਿੱਖ ਮਤ ਦੇ ਖੋਜੀਆਂ ਤੇ ਵਿਦਵਾਨਾਂ ਨੂੰ ਹੀ ਲਾਭਦਾਇਕ ਨਹੀਂ ਸਗੋਂ ਧਰਮਾਂ ਤੇ ਤੁਲਨਾਤਮਕ ਅਧਿਐਨ ਦੇ ਖੇਤਰ ਵਿਚ ਕੰਮ ਕਰਨ ਵਾਲਿਆਂ ਲਈ ਵੀ ਖਾਸ ਸਹਾਇਤਾ ਦੇਵੇਗੀ।