ਲੇਖਕ ਨੇ ਪੁਸਤਕ ਦੇ ਆਰੰਭਲੇ ਭਾਗ ਵਿਚ, ਗੁਰਬਾਣੀ ਸੰਬੰਧੀ ਹੁਣ ਤੱਕ ਹੋਈ ਆਲੋਚਨਾ-ਵਿਆਖਿਆ ਦੇ ਪ੍ਰਸਤੁਤ ਹੋਏ ਪਰਿਪੇਖਾਂ ਨੂੰ ਘੋਖਿਆ-ਪਰਖਿਆ ਹੈ ਅਤੇ ਉਨ੍ਹਾਂ ਦੀ ਪਛਾਣ ਰਤਾ ਉਚੇਰੀ ਪੱਧਰ ਉਪਰ ਨਿਸ਼ਚਤ ਕਰਦਿਆਂ, ਉਨ੍ਹਾਂ ਨੂੰ ਆਪੋ ਆਪਣੇ ਘੇਰੇ ਵਿਚ ਪਰਪੱਕ ਕਰ ਦਿੱਤਾ ਹੈ। ਅਜਿਹਾ ਕਰਨ ਨਾਲ ਇਕ ਤਾ ਪਰੰਪਰਾਈ ਵਿਆਖਿਆ, ਵੱਖਰੇ ਪ੍ਰਤਿਮਾਨਾਂ ਵਿਚ ਉਘੜ ਆਈ ਹੈ ਤੇ ਦੂਸਰਾ, ਇਸ ਜੁਗਤ ਨੇ ਲੇਖਕ ਦੀ ਆਪਣੀ ਚਿੰਤਨ-ਦਿਸ਼ਾ ਨੂੰ ਉਘਾੜਣ ਵਿਚ ਸੁਵਿਧਾ ਦਾ ਰਾਹ ਤਿਆਰ ਕਰ ਲਿਆ ਹੈ। ਵਿਦਵਾਨ ਨੂੰ ਇਹ ਹਮੇਸ਼ਾ ਜ਼ਰੂਰਤ ਹੁੰਦੀ ਹੈ ਕਿ ਉਹ ਚਰਚਾ ਦੀ ਆਪਣੀ ਦਿਸ਼ਾ ਨੂੰ ਨਿਖਾਰਣ ਲਈ ਪੂਰਬ-ਪ੍ਰਚਲਤ ਵਿਆਖਿਆ-ਵਿਧੀਆਂ ਦਾ ਇਕ ਨਿੱਖੜਵਾਂ ਪ੍ਰਸੰਗ ਤਿਆਰ ਕਰ ਲਵੇ। ਡਾ. ਗੁਰਚਰਨ ਸਿੰਘ ਨੇ ਆਪਣੀ ਇਸ ਯਾਤਰਾ ਵਿਚ ਅਜਿਹਾ ਅਵੱਸ਼ ਹੀ ਕੀਤਾ ਹੈ ਅਤੇ ਅਜਿਹੇ ਕਾਰਜ ਵਿਚ ਉਸ ਨੇ, ਅਧਿਐਨ ਦੇ ਜੁਗਤ-ਵਿਗਿਆਨ ਦੀ ਅਚੇਤ ਹੀ ਇਕ ਦਿਸ਼ਾ ਪ੍ਰਸਤੁਤ ਕਰ ਦਿੱਤੀ ਹੈ। ਇਸ ਤੋਂ ਉਪਰੰਤ ਲੇਖਕ ਨੇ ਆਪਣੇ ਜਿਸ ਪ੍ਰਤਿਮਾਨ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ, ਉਸ ਦਾ ਸੰਬੰਧ ਗੁਰਬਾਣੀ ਨੂੰ, ਗੁਰਬਾਣੀ ਰਾਹੀਂ ਜਾਣਨ ਦੀ ਜਗਿਆਸਾ ਨਾਲ ਜੁੜਿਆ ਹੋਇਆ ਹੈ।