ਇਹ ਪੁਸਤਕ ‘ਗੁਰਬਾਣੀ ਦਾ ਰਹਾਉ-ਸ਼ਾਸਤਰ’, ਜਿਸ ਵਿਚ ‘ਰਹਾਉ’ ਬਾਰੇ ਕੇਵਲ ਪਰੰਪਰਕ-ਵਿਧੀ ਨਾਲ ਹੀ ਨਹੀਂ ਸਾਰਿਆ ਗਿਆ, ਸਗੋਂ ਇਸ ਦਾ ਵਿਸ਼ਲੇਸ਼ਣ ਕਰਨ ਲੱਗਿਆਂ, ਇਸ ਦੇ ਸ਼ਾਸਤਰ ਨੂੰ ਸਰਬ-ਪੱਖੀ ਤੌਰ ਉੱਤੇ ਪਹਿਲੀ ਵਾਰ ਤਲਾਸ਼ਿਆ ਗਿਆ ਹੈ । ‘ਰਹਾਉ’ ਦਾ ਪੂਰਬੀ ਵਿਸ਼ਵ-ਦ੍ਰਿਸ਼ਟੀ ਦੇ ਕਾਵਿ-ਸ਼ਾਸਤਰ ਜਾਂ ਬਾਣੀ-ਸ਼ਾਸਤਰ ਵਿਚ ਖਾਸ ਮਹੱਤਵ ਬਣਦਾ ਹੈ । ਇਸ ਦਾ ਸੰਬੰਧ ਨਵੀਂ ਚੇਤਨਾ, ਵਿਚਾਰਧਾਰਾ ਅਤੇ ਉਸ ਬਾਰੇ ਚੇਤੰਨ-ਬਿੰਦੂ ਸਿਰਜ ਕੇ ਉਨ੍ਹਾਂ ਨੂੰ ਅਗੇਰੇ ਇਕ ਪ੍ਰਕਿਰਿਆ ਵਿਚ ਪਰਵਾਹਿਤ ਕਰਨ ਨਾਲ ਹੈ, ਜਿਸ ਨਾਲ ਰਚਨਾ ਪਾਠਕ ਜਾਂ ਸਰੋਤੇ ਨਾਲ ਆਪਣਾ ਸੁਚੇਤ ਸੰਬੰਧ ਵੀ ਕਾਇਮ ਕਰਦੀ ਹੈ ਤੇ ਪਾਠਕ ਜਾਂ ਸਰੋਤੇ ਦੇ ਵਿਅਕਤਿਤਵ ਨੂੰ ਰੂਪਾਂਤ੍ਰਿਤ ਵੀ ਕਰਦੀ ਜਾਂਦੀ ਹੈ । ਇਉਂ ‘ਰਹਾਉ’ ਕੇਵਲ ਇਕ ਰੂਪ-ਵਿਧੀ ਨਹੀਂ ਰਹਿ ਜਾਂਦੀ, ਸਗੋਂ ਬਾਣੀ ਦੇ ਸੰਗਠਨ ਦਾ ਅਵੱਸ਼ਕ ਅੰਗ ਹੋ ਨਿੱਬੜਦਾ ਹੈ । ਲੇਖਕ ਨੇ ਇਸ ਪ੍ਰਸੰਗ ਵਿਚ ਰਹਾਉ-ਸ਼ਾਸਤਰ ਬਾਰੇ ਅਜਿਹਾ ਚਰਚਾ ਸਾਹਮਣੇ ਲਿਆਂਦਾ ਹੈ, ਜੋ ਹੋਰ ਵਿਦਵਾਨਾਂ ਲਈ ਸੋਚ ਦਾ ਨਵਾਂ ਮਾਰਗ ਵੀ ਸੁਝਾਉਂਦਾ ਹੈ ।