ਇਹ ਪੁਸਤਕ ਗਿਆਨੀ ਮਨੀ ਸਿੰਘ ਜੀ ਦੀ ਕਈ ਸਾਲਾਂ ਦੀ ਲਗਨ, ਮਿਹਨਤ ਤੇ ਤਪੱਸਿਆ ਦਾ ਸਿੱਟਾ ਹੈ । ਇਸ ਪੁਸਤਕ ਵਿਚ ਕੁਲ 15 ਤਰੰਗ ਹਨ । ਹਰ ਤਰੰਗ ਵਿਚ ਸੌ ਸੌ ਪ੍ਰਾਸ਼ਨਾਂ ਦੇ ਉੱਤਰ ਹਨ । ਪ੍ਰਸ਼ਨਾਂ ਨੂੰ ਬੜਾ ਸਾਦਾ ਤੇ ਸਰਲ ਬੋਲੀ ਵਿਚ ਬੜੇ ਹੀ ਸੰਖਿਪਤ ਤੇ ਭਾਵ ਪੂਰਤ, ਸ਼ਬਦਾਂ ਰਾਹੀਂ ਪਾਠਕਾਂ ਸਾਹਮਣੇ ਰੱਖਿਆ ਹੈ । ਉੱਤਰਾਂ ਵਿਚ ਆਪਣੇ ਵਲੋਂ ਕੁਝ ਵੀ ਨਾ ਕਹਿੰਦਿਆਂ ਹੋਇਆਂ ਬੜੀਆਂ ਜਚਦੀਆਂ, ਫਬਦੀਆਂ ਤੇ ਢੁਕਵੀਆਂ ਗੁਰਬਾਣੀ ਦੀਆਂ ਤੁਕਾਂ ਅੰਕਤ ਕੀਤੀਆਂ ਹਨ ਜੋ ਪ੍ਰਸ਼ਨਾਂ ਦੇ ਮਾਕੂਲ ਉੱਤਰ ਹਨ । ਆਪ ਨੇ ਪਾਠਕਾਂ ਦੀ ਸਮਝ ਗੋਚਰੇ ਕਰਨ ਲਈ ਫਿਰ ਉਨ੍ਹਾਂ ਤੁਕਾਂ ਦਾ ਸੰਖੇਪ ਸ਼ਬਦਾਂ ਵਿਚ ਅਰਥ ਤੇ ਭਾਵ ਅਜਿਹੇ ਸੁੰਦਰ ਢੰਗ ਨਾਲ ਲਿਖਿਆ ਹੈ ਕਿ ਸ਼ੰਕਾ ਵਾਦੀ ਪਾਠਕ ਦੀ ਆਪੇ ਤਸੱਲੀ ਹੋ ਜਾਂਦੀ ਹੈ । ਇਹ ਪੁਸਤਕ ਆਮ ਪਾਠਕਾਂ ਦੀ ਬਜਾਇ ਗੁਰਬਾਣੀ ਦੇ ਕੀਰਤਨੀਆਂ, ਕਥਾ ਵਾਚਕਾਂ, ਵਿਦਿਆਰਥੀਆਂ, ਅਧਿਆਪਕਾਂ, ਸਿੱਖ ਧਰਮ ਪ੍ਰਚਾਰਕਾਂ, ਲੇਖਕਾਂ, ਖੋਜੀਆਂ ਤੇ ਅਲੋਚਕਾਂ ਲਈ ਵਧੇਰੇ ਲਾਭਕਾਰੀ ਸਾਬਤ ਹੋਵੇਗੀ ।