ਕੁਝ ਬੁੱਧੀ-ਜੀਵੀਆਂ ਵੱਲੋਂ ਇਹ ਖਿਆਲ ਕੀਤਾ ਜਾਂਦਾ ਹੈ ਕਿ ਭਾਈ ਗੁਰਦਾਸ ਜੀ ਨੇ ਇਹ ਸਾਰੇ ਕਬਿੱਤ ਸਵੱਯੇ ਬਨਾਰਸ ਵਿਚ ਰਹਿੰਦਿਆਂ ਲਿਖੇ ਹਨ । ਇਹ ਗੱਲ ਠੀਕ ਹੋ ਸਕਦੀ ਹੈ, ਜਦੋਂ ਪੜਚੋਲ ਕੀਤੀ ਜਾਵੇ ਤਾਂ ਛੰਦਾਂ ਵਿਚ ਮਜ਼ਮੂਨ ਅਨੇਕ ਤਰ੍ਹਾਂ ਦੇ ਹਨ । ਉਹ ਦੱਸਦੇ ਹਨ ਕਿ ਇਹ ਅੱਡ ਅੱਡ ਸਮਿਆਂ ਉਤੇ, ਅੱਡ ਅੱਡ ਵਾਕਯਾਤ ਦੇ ਹੋਣ ਪਰ ਅਤੇ ਅੱਡ ਅੱਡ ਵਿਸ਼ਿਆ ਤੇ ਲਿਖੇ ਗਏ ਹਨ । ਅੱਡ ਅੱਡ ਜਗ੍ਹਾਂ ਤੇ ਜੋ ਚਰਚਾ ਗੋਸ਼ਟ ਹੁੰਦੀ, ਉਹ ਆਪ ਕਬਿੱਤਾਂ ਸਵੱਯਾਂ ਦੇ ਰੂਪ ਵਿਚ ਪਿਛੋਂ ਗੁੰਥਨ ਕਰਕੇ ਸੁਣਾਉਂਦੇ ਰਹੇ, ਜੋ ਕਿ ਉਸ ਰਚਨਾ ਕੀਤੀ ਹੋਈ ਦੀ ਰੂਪ-ਰੇਖਾ ਕਬਿੱਤ ਸਵੱਯਾਂ ਦੇ ਰੂਪ ਵਿਚ ਅੱਜ ਪਾਠਕਾਂ ਦੇ ਦ੍ਰਿਸ਼ਟੀ-ਗੋਚਰ ਹੋ ਰਹੀ ਹੈ, ਅਤੇ ਭਵਿੱਖਤ ਵਿਚ ਹੋਣ ਵਾਲੇ ਸ਼ਰਧਾਲੂਆਂ ਦੇ ਅੰਤਰ-ਆਤਮੇ ਜਨਮ ਲੈਣ ਵਾਲੇ ਸੰਸਿਆਂ ਦੀ ਨਵਿਰਤੀ ਦਾ ਸਦੀਵੀ-ਕਾਲ ਸਾਧਨ ਬਣਿਆ ਰਵ੍ਹੇਗਾ ਤੇ ਵਰਤਮਾਨ ਸਮੇਂ ਵਿਚ ਭੀ ਬਣ ਰਿਹਾ ਹੈ । ਇਸ ਪੁਸਤਕ ਦੇ ਦੋ ਭਾਗ ਹਨ ।