ਸੁਤੰਤਰ ਭਾਰਤ ਵਿਚ ਆਧੁਨਿਕ ਭਾਰਤੀ ਬੋਲੀਆਂ, ਵਿਸ਼ੇਸ਼ ਕਰਕੇ ਹਿੰਦੀ ਵਿਚ ਹਰ ਪ੍ਰਕਾਰ ਦੀ ਕੋਸ਼ਕਾਰੀ ਨੇ ਬਹੁਤ ਉੱਨਤੀ ਕੀਤੀ ਹੈ। ਯੂਰਪੀਨ ਮਾਹਰਾਂ ਨੇ ਵੀ ਭਾਰਤੀ ਮਿਥਿਹਾਸ ਬਾਰੇ ਕਾਫੀ ਕੰਮ ਕੀਤਾ ਸੀ। ਪਹਿਲੀ ਵਾਰੀ ਇਸ ਸਾਰੀ ਸਮੱਗਰੀ ਦੀ ਸਹਾਇਤਾ ਇਸ ਸੰਕੇਤ ਕੋਸ਼ ਦੀ ਤਿਆਰੀ ਵਿਚ ਲਈ ਗਈ ਹੈ ਅਤੇ ਇਸ ਕੋਸ਼ਕਾਰੀ ਦੇ ਰੂਪਕ ਪੱਖ ਨੂੰ ਮੁਖ ਰਖਿਆ ਗਿਆ ਹੈ। ਇਸ ਤਰ੍ਹਾਂ ਕਰਨ ਨਾਲ ਸੰਕੇਤ ਕੋਸ਼ ਵਿਚ ਹਰ ‘ਸੰਕੇਤ’ ਵਧੇਰੇ ਪ੍ਰਮਾਣਿਕ ਤੇ ਵਿਸਤ੍ਰਿਤ ਰੂਪ ਗ੍ਰਹਿਣ ਕਰ ਸਕਿਆ ਹੈ। ਇਸ ਵਿਚ ਸਾਰੇ ਇਤਿਹਾਸਕ ਅਤੇ ਮਿਥਿਹਾਸਕ ਨਾਵਾਂ ਸੰਬੰਧੀ ਵਿਆਖਿਆਤਮਕ ਨੋਟ ਦਿੱਤੇ ਗਏ ਹਨ ਜਿਨ੍ਹਾਂ ਦਾ ਉੱਲੇਖ ਗੁਰਬਾਣੀ ਵਿਚ ਵੱਖੋ ਵੱਖਰੇ ਪ੍ਰਕਰਣਾਂ ਵਿਚ ਆਇਆ ਹੈ। ਨਾਵਾਂ ਸੰਬੰਧੀ ਜਾਣਕਾਰੀ ਪ੍ਰਸਤੁਤ ਕਰਨ ਤੋਂ ਇਲਾਵਾ ਇਸ ਪੁਸਤਕ ਵਿਚ ਧਾਰਮਿਕ ਸੰਕਲਪਾਂ ਅਤੇ ਧਾਰਮਿਕ ਸਿੱਧਾਂਤਾਂ ਬਾਰੇ ਵੀ ਟਿਪਣੀਆਂ ਦਿੱਤੀਆਂ ਗਈਆਂ ਹਨ। ਗੁਰਬਾਣੀ ਦੇ ਪਾਠਕ ਅਤੇ ਖੋਜ-ਵਿਦਿਆਰਥੀ ਇਸ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਵਿਚ ਸਹਾਇਤਾ ਪ੍ਰਾਪਤ ਕਰ ਸਕਣਗੇ।