ਗ਼ਦਰੀ ਦੇਸ਼-ਭਗਤਾਂ ਵਿਚੋਂ ਭਾਈ ਕਰਤਾਰ ਸਿੰਘ ਕੈਨੇਡੀਅਨ ਭਾਈ ਰਣਧੀਰ ਸਿੰਘ ਜੀ ਨਾਲ ਜੇਲ੍ਹਾਂ ਵਿਚ ਰਹੇ। ਅੰਮ੍ਰਿਤ ਬਾਰੇ ਉਨ੍ਹਾਂ ਦੇ ਜਗਿਆਸੂ ਮਨ ਵਿਚੋਂ ਉਪਜੇ ਸਵਾਲ ਅਤੇ ਭਾਈ ਸਾਹਿਬ ਵੱਲੋਂ ਇਨ੍ਹਾਂ ਦੇ ਦਿੱਤੇ ਜਵਾਬ ਇਸ ਕਿਤਾਬਚੇ ਵਿਚ ਦਰਜ ਹਨ। ਪ੍ਰਸ਼ਨੋਤਰੀ ਰੂਪ ਵਿਚ ਲਿਖੇ ਇਸ ਕਿਤਾਬਚੇ ਵਿਚੋਂ ਅੰਮ੍ਰਿਤ ਕੀ ਹੈ, ਅੰਮ੍ਰਿਤ ਦੀ ਪ੍ਰਾਪਤੀ ਕਿੱਥੋਂ ਤੇ ਕਿਵੇਂ ਹੁੰਦੀ ਹੈ, ਅੰਮ੍ਰਿਤ ਦੀ ਕਲਾ ਕਿਵੇਂ ਵਰਤਦੀ ਹੈ ਅਤੇ ਆਤਮਕ ਅਨੰਦ ਦੀਆਂ ਕਿਹੜੀਆਂ ਮੰਜ਼ਿਲਾਂ ਹਨ, ਆਦਿ ਬਾਰੇ ਅਮੋਲਕ ਜਾਣਕਾਰੀ ਪ੍ਰਾਪਤ ਹੁੰਦੀ ਹੈ, ਜਿਸ ਨੂੰ ਪੜ੍ਹ ਕੇ ਨਾ ਕੇਵਲ ਪਰਮਾਰਥ ਦੇ ਪਾਂਧੀਆਂ ਨੂੰ ਅੰਮ੍ਰਿਤਧਾਰੀ ਗੁਰਸਿੱਖ ਬਣਨ ਦੀ ਪ੍ਰੇਰਨਾ ਮਿਲਦੀ ਹੈ, ਬਲਕਿ ਅੰਮ੍ਰਿਤਧਾਰੀਆਂ ਨੂੰ ਵੀ ਅੰਮ੍ਰਿਤ-ਰਸ ਜੀਵਨ ਉਤੇ ਦ੍ਰਿੜ੍ਹ ਕੇ ਟੁਰਨ ਦੀ ਤੀਬਰ ਲੋਚਾ ਉਠਦੀ ਹੈ।