“ਸੰਗਮ” ਦੀ ਕਹਾਣੀ ਵਾਸਤਵ ਵਿਚ ਇਕ ਸਮਾਜਕ ਉਲਝਨ ਦੀ ਅਜਿਹੀ ਰਿਸਕਫਾਹੀ ਹੈ, ਜਿਸ ਵਿਚ ਫਸਿਆ ਹੋਇਆ ਮਨੁੱਖ, ਜੇ ਨਿਕਲਣਾ ਵੀ ਚਾਹੇ ਤਾਂ ਨਿਕਲ ਨਹੀਂ ਸਕਦਾ । ਇਸ ਨਾਵਲ ਦਾ ਪਾਤਰ ਬਲਰਾਜ ਇਕ ਪੜ੍ਹਿਆ ਲਿਖਿਆ ਤੇ ਕਿਸੇ ਹੱਦ ਤਕ ਸੁਲਝੇ ਦਿਮਾਗ਼ ਦਾ ਮਾਲਕ ਹੈ । ਉਸ ਦੇ ਅੰਦਰ ਇਕ ਰੀਝ ਹੈ ਚੰਗਾ ਬਣਨ ਦੀ ਨੇਕ ਤੇ ਈਮਾਨਦਾਰ ਰਹਿ ਕੇ ਜੀਣ ਦੀ । ਬਲਰਾਜ ਤੋਂ ਇਲਾਵਾ ਇਸ ਵਿਚ ਹੋਰ ਕਰੈਕਟਰ ਹਨ ‘ਲਲਿਤਾ’, ‘ਕੁੰਦਨ ਲਾਲ’, ‘ਤਾਰਕਾ’ । ਇਸ ਨਾਵਲ ਦਾ ਨਾਂ ‘ਸੰਗਮ’ ਇਸ ਲਈ ਨਹੀਂ ਕਿ ਨਿਰਾ ਲਲਿਤਾ ਤੇ ਬਲਰਾਜ ਦਾ ਮੇਲ ਹੀ ਇਸ ਦਾ ਨਿਸ਼ਾਨਾ ਸੀ । ਇਕ ਦੂਸਰੇ ਮੇਲ ਦਾ ਵੀ ਇਸ ਨਾਂ ਨਾਲ ਸੰਬੰਧ ਹੈ – ਤਾਰਕਾ ਤੇ ਕੁੰਦਨ ਲਾਲ ਦਾ ਮੇਲ । ਗੋਇਆ ਇਕਹਿਰਾ ਨਹੀਂ, ਦੁਹਰਾ ਸੰਗਮ । ਇਸ ਵਿਚ ਇਕ ਹੋਰ ਕਰੈਕਟਰ ‘ਸਾਥੀ’ ਜੀ ਦਾ ਵੇਖ ਕੇ ਸਾਡੇ ਨੌਜਵਾਨ ਨੂੰ ਹੋਰ ਕੋਈ ਲਾਭ ਹੋਵੇ ਨਾ ਹੋਵੇ ਪਰ ਇਕ ਗੱਲ ਦੀ ਉਹਨਾਂ ਨੂੰ ਜ਼ਰੂਰ ਸਮਝ ਆ ਜਾਏਗੀ ਕਿ ਹਰ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ ।