ਇਸ ਪੁਸਤਕ ਵਿਚ ਲੇਖਕ ਨੇ ਗਾਇਨ ਸੰਗੀਤ ਦੇ ਵਿਵਿਧ ਖੇਤਰਾਂ ਦਾ ਵਰਣਨ ਕਰਦਿਆਂ ਉਸ ਦੇ ਪ੍ਰਤਿਨਿਧੀ ਕਲਾਕਾਰਾਂ ਦਾ ਬਾਖੂਬੀ ਜ਼ਿਕਰ ਕੀਤਾ ਹੈ। ਪੰਜਾਬ ਦੇ ਲਗਭਗ ਸਾਰੇ ਪ੍ਰਮੁੱਖ ਸ਼ਾਸਤਰੀ ਸੰਗੀਤਕਾਰਾਂ ਨੂੰ ਆਪਣੇ ਕਲੇਵਰ ਵਿਚ ਲੈ ਕੇ ਉਹਨਾਂ ਬਾਰੇ ਪ੍ਰਮਾਣਿਕ ਤੇ ਦਿਲਚਸਪ ਜਾਣਕਾਰੀ ਪਾਠਕਾਂ ਦੇ ਸਨਮੁਖ ਰੱਖੀ ਹੈ ਤੇ ਇਸ ਦੌਰਾਨ ਇਹਨਾਂ ਕਲਾਕਾਰਾਂ ਦੇ ਜੀਵਨ ਦੇ ਕਈ ਅਣਗੌਲੇ ਪਹਿਲੂ ਵੀ ਉਭਾਰੇ ਹਨ। ਕੁੱਲ ਮਿਲਾ ਕੇ ਲੇਖਕ ਨੇ ਪੰਜਾਬ ਦੀ ਸ਼ਾਸਤਰੀ ਸੰਗੀਤ ਵਿਰਾਸਤ ਦੇ ਅਨੇਕ ਅਣਛੋਹੇ ਵਰਕੇ ਆਪ ਪੜ੍ਹਨ ਉਪਰੰਤ ਪਾਠਕਾਂ ਦੇ ਧਿਆਨ ਹਿਤ ਪੇਸ਼ ਕੀਤੇ ਹਨ। ਕਈ ਸਥਾਨਾਂ ’ਤੇ ਜਾਣਕਾਰੀ ਪੜ੍ਹ ਕੇ ਹੈਰਤ ਵੀ ਹੁੰਦੀ ਹੈ ਤੇ ਫ਼ਖ਼ਰ ਵੀ ਹੁੰਦਾ ਹੈ ਕਿ ਪੰਜਾਬ ਦੇ ਸ਼ਾਸਤਰੀ ਦਾ ਯੋਗਦਾਨ ਐਨਾ ਵਿਸ਼ਾਲ ਤੇ ਵਿਆਪਕ ਹੈ।