ਇਸ ਪੁਸਤਕ ਵਿਚ ਕੁਝ ਬੰਦਿਸ਼ਾਂ ਨੂੰ ਨਿਰਧਾਰਤ ਰਾਗਾਂ ਵਿਚ, ਕੁਝ ਮਿਸ਼ਰਤ ਰਾਗਾਂ ਵਿਚ ਅਤੇ ਜਿਨ੍ਹਾਂ ਬੰਦਸ਼ਾਂ ਨੂੰ ਖੁੱਲ੍ਹੇ ਰੂਪ ਵਿਚ ਗਾਇਆ ਗਿਆ ਹੈ ਜਾਂ ਜੋ ਲੇਖਕ ਦੀ ਸਮਝ ਤੋਂ ਬਾਹਰ ਸਨ, ਉਨ੍ਹਾਂ ਨੂੰ ਰਾਗ ਰੀਤ ਤੇ ਪੁਰਾਤਨ ਧੁਨਾਂ ਦੇ ਅੰਤਰਗਤ ਰੱਖਿਆ ਗਿਆ ਹੈ । ਜੇਕਰ ਸੰਗੀਤ ਪ੍ਰੇਮੀ, ਸਿਖਿਆਰਥੀ ਤੇ ਕੀਰਤਨੀਏ ਭਾਈ ਸਾਹਿਬ ਦੀ ਗਾਇਕੀ ਨੂੰ ਬਾਰ ਬਾਰ ਸੁਣ ਕੇ ਧੁਰ ਅੰਦਰ ਬਿਠਾ ਕੇ ਕੀਰਤਨ ਕਰਨ ਦਾ ਉਪਰਾਲਾ ਕਰਨ ਤਾਂ ਇਹ ਪੁਸਤਕ ਉਨ੍ਹਾਂ ਲਈ ਸਹਾਇਕ ਸਿੱਧ ਹੋ ਸਕਦੀ ਹੈ । ਇਸ ਤਰ੍ਹਾਂ ਪ੍ਰਮਾਣਿਕ, ਪੁਰਾਤਨ ਤੇ ਟਕਸਾਲੀ ਕੀਰਤਨ ਪਰੰਪਰਾ ਨੂੰ ਨਵੇਂ ਸਿਰਿਉਂ ਸੁਰਜੀਤ ਕੀਤਾ ਜਾ ਸਕਦਾ ਹੈ ।