ਅੰਮ੍ਰਿਤਸਰ ਗੁਰੂਆਂ ਦੀ ਵਰੋਸਾਈ ਧਰਤੀ ਹੈ, ਜਿਸ ਦੇ ਦਰਸ਼ਨ-ਇਸ਼ਨਾਨ ਦੀ ਲੋਚਾ ਹਰ ਸਿੱਖ ਆਪਣੀ ਰੋਜ਼ਾਨਾ ਅਰਦਾਸ ਵਿਚ ਕਰਦਾ ਹੈ। ਇਸ ਦੇ ਪਾਵਨ-ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰ ਕੇ ਸਿੱਖ ਨੂੰ ਨਵਾਂ ਜੀਵਨ ਮਿਲਦਾ ਹੈ ਤੇ ਇਥੋਂ ਦੇ ਅਗੰਮੀ ਕੀਰਤਨ ਦੀਆਂ ਤਰੰਗਾਂ ਜਗਿਆਸੂ ਨੂੰ ਆਤਮ-ਮੰਡਲਾਂ ਵਿਚ ਪ੍ਰੇਰਿਤ ਕਰਦੀਆਂ ਹਨ। ਇਹ ਸ਼ਹਿਰ ਸਿੱਖ ਉਮੰਗਾਂ ਤੇ ਸੁਪਨਿਆਂ ਦੀ ਆਗਵਾਈ ਕਰਦਾ ਹੈ, ਇਸੇ ਕਰਕੇ ਇਹ ਇਤਿਹਾਸ ਦਾ ਸਿਰਜਕ ਰਿਹਾ ਹੈ। ਇਹ ਪਾਵਨ ਨਗਰੀ ਸਿੱਖਾਂ ਦਾ ਧੜਕਦਾ ਦਿਲ ਹੈ, ਜਿਸ ਦੁਆਰਾ ਸੰਚਾਰਿਤ ਖੂਨ ਇਸ ਖਿੱਤੇ ਨੂੰ ਜੀਵਨ ਦਾਨ ਦਿੰਦਾ ਹੈ। ਇਸ ਗੁਰੂ ਕੀ ਨਗਰੀ ਦੀ ਬਹੁ-ਪੱਖੀ ਵਿਰਾਸਤ ਮਾਣ ਕਰਨ ਯੋਗ ਹੈ। ਇਥੋਂ ਦੀ ਅਲੌਕਿਕ ਸੁੰਦਰਤਾ ਸੰਸਾਰ ਦੇ ਸੈਲਾਨੀਆਂ ਲਈ ਸਭ ਤੋਂ ਵੱਧ ਖਿੱਚ ਰੱਖਦੀ ਹੈ। ਇਸ ਤੋਂ ਇਲਾਵਾ ਇਸ ਨਗਰ ਨੇ ਭਵਨ-ਉਸਾਰੀ, ਵਪਾਰ, ਦਸਤਕਾਰੀ, ਸਿੱਖਿਆ, ਖੇਡਾਂ, ਕੋਮਲ-ਕਲਾਵਾਂ, ਸਨਅਤ, ਗੱਲ ਕੀ ਹਰ ਖੇਤਰ ਵਿਚ ਮਾਣਯੋਗ ਮੱਲਾਂ ਮਾਰੀਆਂ ਹਨ। ਇਹ ਪੁਸਤਕ ਇਸ ਅਮੀਰ ਵਿਰਾਸਤ ਦੇ ਕੁਝ ਅਣਗੌਲੇ ਪੱਖਾਂ ਨੂੰ ਰੌਚਿਕ ਢੰਗ ਨਾਲ ਪੇਸ਼ ਕਰਦੀ ਹੈ, ਜਿਸ ਵਿਚੋਂ ਇਸ ਨਗਰ ਦੇ ਸਭਿਆਚਾਰ ਜਨ-ਜੀਵਨ ਬਾਰੇ ਬੜੀ ਮੁੱਲਵਾਨ ਜਾਣਕਾਰੀ ਮਿਲਦੀ ਹੈ।