ਇਹ ਨਾਵਲ, ਅੰਗਰੇਜ਼ੀ ਨਾਵਲ Anna Kerinna ਜੋ ਟਾਲਸਟਾਏ ਦੀਆਂ ਲਿਖਤਾਂ ਵਿਚ ਪ੍ਰਮੁੱਖ ਮੰਨਿਆ ਜਾਂਦਾ ਹੈ, ਦਾ ਪੰਜਾਬੀ ਵਿਚ ਉਲਥਾ ਨਾਨਕ ਸਿੰਘ ਨੇ ਪੇਸ਼ ਕੀਤਾ ਹੈ । ਇਹ ਨਾਵਲ ਲਗਭਗ 34 ਜ਼ਬਾਨਾ ਵਿਚ ਤਰਜਮਾ ਹੋ ਚੁੱਕਾ ਹੈ । ਲੇਖਕ ਨੇ ਅੱਨਾ ਤੇ ਬ੍ਰਾਂਸਕੀ ਨੂੰ ਜੀਵਨ ਦੀ ਸ਼ੂਕਦੀ ਨਦੀ ਵਿਚ ਠੇਲ੍ਹ ਕੇ ਉਸ ਦੇ ਦੋਹਾਂ ਕੰਢਿਆਂ ਉਤੇ ਬਹੁਤ ਸਾਰੇ ਪਾਤਰ ਖੜ੍ਹੇ ਕਰ ਦਿੱਤੇ ਹਨ, ਕਰੇਨਿਨ, ਅਬਲਾਸਕੀ, ਡਾਲੀ, ਕਿਟੀ, ਲੈਵਿਨ ਤੇ ਕਈ ਹੋਰ । ਇਹਨਾਂ ਵਿਚੋਂ ਕਈ ਤਾਂ ਉਸ ਨੂੰ ਡੋਬਣ ਵਿਚ ਮਦਦ ਕਰ ਰਹੇ ਹਨ ਤੇ ਕਈ ਤਾਰਨ ਵਿਚ । ਬ੍ਰਾਂਸਕੀ ਉਸ ਦਾ ਹੱਥ ਫੜ੍ਹੀ ਜਿਸ ਡੁੰਘਾਈ ਤੱਕ ਵਿਚਾਰੀ ਨੂੰ ਜਾ ਪਹੁੰਚਾਂਦਾ ਹੈ, ਉਥੋਂ ਤਰ ਨਿਕਲਣ ਦੀ ਅੱਨਾ ਨੂੰ ਕੋਈ ਆਸ ਨਹੀਂ ਰਹਿੰਦੀ ਤਾਂ ਉਹ ਬ੍ਰਾਂਸਕੀ ਨੂੰ ਘੁੱਟ ਕੇ ਫੜ੍ਹ ਲੈਂਦੀ ਹੈ । ਬ੍ਰਾਂਸਕੀ ਜਦ ਵੇਖਦਾ ਹੈ ਕਿ ਇਸ ਦਾ ਫਲ ਰੂਪ ਉਸ ਨੂੰ ਵੀ ਡੁਬਣਾ ਪਵੇਗਾ, ਤਾਂ ਉਹ ਉਸ ਨੂੰ ਝਟਕ ਕੇ ਆਪ ਦੂਰ ਹੋ ਜਾਂਦਾ ਹੈ । ਤੇ ਵਿਚਾਰੀ ਅੱਨਾ? ਉਸ ਲਈ ਸ਼ਾਇਦ ਇਕੋ ਇਲਾਜ ਬਾਕੀ ਰਹਿ ਜਾਂਦਾ ਹੈ, ਪ੍ਰਾਸਚਿਤ-ਮੌਤ, ਭਿਆਨਕ ਤੇ ਕਰੁਣਾ-ਭਰੀ ਮੌਤ ।