ਇਹ ‘ਵੱਡਾ ਘਰਾਣਾ’ ਨਾਮੀ ਬੰਗਾਲੀ ਦੇ ‘ਲੇਖਕ ਰਤਨ’ ਸ੍ਰੀਮਾਨ ਜਲੰਧਰ ਸੈਨ ਜੀ ਦੇ ਪ੍ਰਸਿੱਧ ਨਾਵਲ-ਲੇਖਕ ਦੇ ਅਨੇਕਾਂ ਨਾਵਲਾਂ ਵਿਚੋਂ ਇਕ ਹੈ । ਜਿਸ ਦਾ ਹਿੰਦੀ ਵਿਚ ਉਲਥਾ ਸ਼੍ਰੀਮਾਨ ਬਾਬੂ ਸ੍ਰੀ ਕ੍ਰਿਸ਼ਨ ਜੀ ‘ਹਸਰਤ’ ਨੇ ਕੀਤਾ ਤੇ ਹੁਣ ਹਿੰਦੀ ਤੋਂ ਪੰਜਾਬੀ ਵਿਚ ਨਾਨਕ ਸਿੰਘ ਜੀ ਨੇ ਪੇਸ਼ ਕੀਤਾ ਹੈ । ਕਰਤਾ ਨੇ ਇਸ ਦੇ ਲਿਖਣ ਵਿਚ ਬੋਲੀ ਦੀ ਸਾਦਗੀ, ਦਿਲ ਹਿਲਾ ਦੇਣ ਵਾਲੀਆਂ ਘਟਨਾਵਾਂ ਤੇ ਦਿਲ ਵਿਚ ਖੁਭ ਜਾਣ ਵਾਲੇ ਅਲੰਕਾਰ ਸੁੰਦਰ ਢੰਗ ਨਾਲ ਵਰਨਣ ਕੀਤੇ ਹਨ । ਇਸ ਪੁਸਤਕ ਨੂੰ ਨਾਵਲ ਦਾ ਰੰਗ ਚਾੜ੍ਹ ਕੇ ਇਨਾ ਸੁੰਦਰ ਬਣਾਇਆ ਹੈ ਕਿ ਕੋਈ ਵੱਡਾ ਘਰਾਣਾ ਕੀਕਣ ਨਸ਼ਟ ਭ੍ਰਸ਼ਟ ਹੋ ਜਾਂਦਾ ਹੈ, ਤੇ ਭੈੜੇ ਦੀ ਸੰਗਤ ਨਾਲ ਚੰਗਾ ਭੀ ਕਿਤਨਾ ਭੈੜਾ ਬਣ ਜਾਂਦਾ ਹੈ । ਸੱਚੇ ਅਤੇ ਧਰਮੀ ਮਨੁੱਖ ਕਿਸ ਤਰ੍ਹਾਂ ਕਸ਼ਟ ਸਹਿੰਦੇ ਹੋਏ ਭੀ ਆਪਣੇ ਨਿਸ਼ਾਨੇ ਪੁਰ ਡਟੇ ਰਹਿ ਕੇ ਅੰਤ ਸਫ਼ਲਤਾ ਪ੍ਰਾਪਤ ਕਰਦੇ ਹਨ ਤੇ ਇਸਤ੍ਰੀਆਂ ਦੇ ਕਿਹੜੇ ਕਿਹੜੇ ਗੁਣ ਹਨ, ਜੋ ਗ੍ਰਿਹਸਤ ਆਸ਼ਰਮ ਨੂੰ ਸਵਰਗ ਬਨਾਣ ਦਾ ਕਾਰਣ ਹੁੰਦੇ ਹਨ ।