ਇਹ ਬਾਰਾਂ ਦ੍ਰਿਸ਼ਾਂ ਦਾ ਇਕ ਨਾਟਕ ਹੈ । ਇਸ ਨਾਟਕ ਵਿਚ ਮਿਰਜ਼ਾ ਸਾਹਿਬਾਂ ਦੇ ਕਿੱਸੇ ਨੂੰ ਉਸ ਔਰਤ ਦੇ ਦੁਖਾਂਤ ਦੇ ਤੌਰ ਤੇ ਪੇਸ਼ ਕੀਤਾ ਗਿਆ ਹੈ ਜੋ ਆਪਣੇ ਆਸ਼ਕ ਤੇ ਭਰਾਵਾਂ ਦੇ ਪਿਆਰ ਵਿਚ ਵੰਡੀ ਹੋਈ ਹੈ । ਇਸ ਨਾਟਕ ਵਿਚ ਪੀਲੂ ਸ਼ਾਇਰ ਦੇ ਕਿਸੇ ਦੀਆਂ ਤੁਕਾਂ ਵਰਤੀਆਂ ਹਨ । ਸੂਤਰਧਾਰ ਤੇ ਢਾਡੀ ਮੰਚ ਉਤੇ ਇਹਨਾਂ ਤੁਕਾਂ ਨੂੰ ਗਾ ਕੇ ਨਾਟਕ ਦੀ ਗਤੀ ਨੂੰ ਅੱਗੇ ਤੋਰਦੇ ਹਨ, ਟਿੱਪਣੀ ਕਰਦੇ ਹਨ, ਘਟਨਾਵਾਂ ਬਿਆਨਦੇ ਹਨ ਅਤੇ ਭੂਤ ਤੇ ਭਵਿੱਖ ਨੂੰ ਵਰਤਮਾਨ ਨਾਲ ਜੋੜਦੇ ਹਨ ।