ਬਲਵੰਤ ਗਾਰਗੀ ਦੇ ਇਹਨਾਂ ਨਾਟਕਾਂ ਵਿਚ ਲੋਹੜੇ ਦੀ ਖਿੱਚ ਹੈ । ਇਕ ਉਸਤਾਦ ਦੀ ਚੰਡੀ ਹੋਈ ਸ਼ੈਲੀ । ਗਾਰਗੀ ਦੇ ਪਾਤਰਾਂ ਦੀ ਬੋਲੀ ਨੂੰ ਭਖਾ ਕੇ ਤੇ ਚੰਡ ਕੇ ਵਰਤਦਾ ਹੈ । ਉਸ ਦੇ ਪਾਤਰਾਂ ਦੀ ਬੋਲੀ ਵਿਚੋਂ ਚੰਗਿਆੜੇ ਨਿਕਲਦੇ ਹਨ । ਉਹ ਅਵੱਲੀ ਕਿਸਮ ਦਾ ਨਾਟਕਕਾਰ ਹੈ । ਉਸ ਦੀਆਂ ਨਾਇਕਾਵਾਂ ਭੁੱਖੀਆਂ ਰੂਹਾਂ ਹਨ ਜਿਨ੍ਹਾਂ ਦੀ ਕਦੇ ਤ੍ਰਿਪਤੀ ਨਹੀਂ ਹੁੰਦੀ । ਉਹ ਆਪਣੇ ਪਿਛੇ ਸੇਕ ਕੇ ਵਾਵਰੋਲੇ ਛਡ ਜਾਂਦੀਆਂ ਹਨ । ਪਾਠਕ ਇਹਨਾਂ ਨਾਟਕਾਂ ਵਿਚਲੇ ਸਾਹਿਤਕਾਰ ਰਸ ਤੇ ਹੁਸਨ ਨੂੰ ਮਾਨਣਗੇ ।