ਇਹ ਨਾਟਕ ਵਰਤਮਾਨ ਸਮਾਜ ਦੀ ਇਕੱਲ ਤੇ ਫ਼ਰਸਟ੍ਰੇਸ਼ਨ ਬਾਰੇ ਹੈ । ਇਸ ਦੀ ਅੱਭੜਵਾਹੀ ਟੈਕਨੀਕ ਉਸ ਸਮਪੈਂਸ ਦੀ ਹਾਮੀ ਭਰਦੀ ਹੈ, ਜੋ ਜ਼ਿੰਦਗੀ ਦੇ ਭੂਤੀਆ ਰਾਹਾਂ ਉਤੇ ਮਿਲਦਾ ਹੈ । ਨਾਟਕ ਮਾਨਸਿਕ ਤੈਹਾਂ ਖੋਹਲਦਾ ਹੈ, ਅਤੇ ਹਰ ਤਹਿ ਦੂਜੀ ਤਹਿ ਤੋਂ ਉਪਰੀ, ਅਵੱਲੀ ਤੇ ਪੁੱਠੀ ਉਧੜਦੀ ਹੈ । ਨੌਜਵਾਨ ਸਮੁੰਦਰ ਦੇ ਕੰਢੇ ਜ਼ਿੰਦਗੀ ਤੇ ਮੌਤ ਨਾਲ ਗੱਲਾਂ ਕਰਦਾ ਹੈ । ਇਸ ਵਿਚ ਹਾਸੀ, ਚਮਤਕਾਰ, ਉਡੀਕ, ਪਿਆਰ ਤੇ ਇਸ ਦੇ ਸੁਆਂਗ ਦੀਆਂ ਸੱਚਾਈਆਂ ਹਨ । ਭੁੱਖਾ ਨੌਜਵਾਨ ਇਕ ਚਾਕੂ ਲਈ ਫਿਰਦਾ ਹੈ, ਜੋ ਖੁੰਢਾ ਹੈ । ਇਹ ਉਸਦੇ ਇਰਾਦੇ ਦਾ ਚਾਕੂ ਹੈ – ਬੁਜ਼ਦਿਲ ਚਾਕੂ, ਨਪੁਨਸਕ ਚਾਕੂ, ਰਮਾਂਟਿਕ ਚਾਕੂ । ਪਰ ਇਸ ਨਾਲ ਉਸਨੂੰ ਹੋਸਲਾ ਮਿਲਦਾ ਹੈ । ਇਹ ਖੁੰਢਾ ਚਾਕੂ ਇਸ ਖੁੰਢੇ ਨੌਜਵਾਨ ਦਾ ਪ੍ਰਤੀਕ ਹੈ ।