ਇਸ ਨਾਵਲ ਰਾਹੀਂ ਲੇਖਕ ਨੇ ਉਸ ਸਦੀਵੀ ਇਸਤਰੀ ਦੀ ਰੂਪ ਰੇਖਾ ਤਿੰਨਾਂ ਵੱਖੋ-ਵੱਖ ਇਸਤਰੀਆਂ ਦੇ ਰੂਪ ਵਿਚ ਅੰਕਿਤ ਕੀਤੀ ਹੈ – ‘ਕਾਮਨੀ’, ‘ਚੰਬੇਲੀ’ ਤੇ ‘ਕੇਸਰੀ’ ਦੇ ਰੂਪ ਵਿਚ । ਇਹ ਤਿੰਨੇ ਇਸਤਰੀਆਂ ਵਾਸਤਵ ਵਿਚ ਇਕੋ ਸਦੀਵੀ ‘ਇਸਤਰੀ-ਪਤੰਗ’ ਦੀ ਸ਼ਕਲ ਵਿਚ ਤੁਹਾਡੇ ਸਾਹਮਣੇ ਲਿਆਂਦਿਆਂ ਗਈਆਂ ਨੇ । ਤਿੰਨੇ ਹੀ ‘ਕੱਟੀ ਹੋਈ ਪਤੰਗ’ ਦੇ ਵੱਖੋ-ਵੱਖਰੇ ਦ੍ਰਿਸ਼ ਪੇਸ਼ ਕਰਦੀਆਂ ਨੇ, ਜਿਨ੍ਹਾਂ ਵਿਚੋਂ ‘ਕੇਸਰੀ’ ਤਾਂ ਕੱਟੀ ਜਾਣ ਤੋਂ ਬਾਅਦ ਕਈਆਂ ਗੁੱਡੀ-ਲੁੱਟਾਂ ਦੇ ਹੱਥ ਚੜ੍ਹੀ, ਤੇ ਨੋਚ ਮਰੋੜ ਕੇ ਸੁੱਟ ਦਿੱਤੀ ਗਈ । ‘ਚੰਬੇਲੀ’ ਇਕ ਅਨਜਾਨ ਖਿਡਾਰੀ ਦੇ ਹੱਥ ਵਿਚ ਆਈ, ਜਿਸ ਨੇ ਉਡਾਣ ਤੋਂ ਬਾਅਦ ਉਸ ਦੀ ਡੋਰ ਹੱਥੋਂ ਛੱਡ ਦਿੱਤੀ, ਤੇ ਗੁੱਡੀ ਇਕ ਕੰਡਿਆਲੇ ਦਰੱਖ਼ਤ ਦੀ ਟਹਿਣੀ ਨਾਲ ਜਾ ਅਟਕੀ, ਜਿਥੇ ਵਰ੍ਹਿਆਂ ਬੱਧੀ ਉਹ ਕੰਡਿਆਂ ਨਾਲ ਛਿਲਦੀ ਤੇ ਹਵਾ ਦੇ ਥਪੇੜਿਆਂ ਦੀ ਮਾਰ ਖਾਂਦੀ ਹੋਈ ਮੌਤ ਨਾਲ ਘੁਲਦੀ ਰਹੀ । ਅਖੀਰ ਜਿਸ ਨੂੰ ਕਿਸੇ ਹੋਰ ਉੱਚੀ ਕੱਟੀ ਹੋਈ ਗੁੱਡੀ ਨੇ ਅੜੁੰਗ ਕੇ ਉਤਾਰਿਆ ਤੇ ਉਸ ਦੇ ਛੇਕੇ ਝਰੀਟੇ ਅੰਗਾਂ ਨੂੰ ਨਵੇਂ ਸਿਰੇ ਤੋਂ ਸਵਾਰ ਕੇ ਇਕ ਵਾਰੀ ਫੇਰ ਉਸ ਨੂੰ ਉੱਡਣ ਜੋਗ ਬਣਾਇਆ । ਸਭ ਤੋਂ ਉਘੜਵੇਂ ਰੂਪ ਵਿਚ ਇਹ ਪਤੰਗ ਤੁਹਾਨੂੰ ਨਾਵਲ ਦੀ ਨਾਇਕਾ ‘ਕਾਮਨੀ’ ਦੇ ਰੂਪ ਵਿਚ ਉਡਦੀ ਤੇ ਕਟੀਂਦੀ ਦਿਖਾਈ ਦੇਵੇਗੀ, ਪਰ ਕੱਟੀ ਜਾਣ ਤੋਂ ਬਾਅਦ ਕਾਮਨੀ ਨੇ ਆਪਣੇ ਆਪ ਨੂੰ ਸੰਭਾਲ ਲਿਆ।