ਸ੍ਰੀ ਗੁਰੂ ਅਰਜਨ ਦੇਵ ਜੀ’ ਮਹਾਰਾਜ ਨੇ ਜੋ ਬਾਰਹਮਾਹਾ ਮਾਝ ਰਾਗ ਵਿਚ ਉਚਾਰਨ ਕੀਤਾ ਹੈ, ਇਸ ਦੀਆਂ 14 ਪਉੜੀਆਂ ਹਨ । ਪਹਿਲੀ ਪਉੜੀ ਮੰਗਲ ਰੂਪ ਵਿਚ ਹੈ ਅਤੇ 14 ਵੀਂ ਆਖਰੀ ਪਉੜੀ ਵਿਚ ਤੱਤ ਨਿਰੂਪਣ ਕੀਤਾ ਹੈ । ਭਾਵ ਸਾਰਾ ਬਾਰਹਮਾਹਾ ਲਿਖ ਕੇ ਚਿਤਾਵਨੀ ਦਿੱਤੀ ਹੈ ਕਿ ਜਿਹੜਾ ਮਨੁੱਖ ਪ੍ਰਮਾਤਮਾ ਦਾ ਆਸਰਾ ਲੈਂਦਾ ਹੈ ਉਸ ਦੇ ਵਾਸਤੇ ਸਾਰੇ ਦਿਨ ਇਕੋ ਜਿਹੇ ਹਨ । ਸੰਗਰਾਂਦ ਆਦਿ ਵਾਲੇ ਦਿਨ ਕੋਈ ਖਾਸ ਉਚੇਚੇ ਪਵਿੱਤਰ ਨਹੀਂ ਹਨ । ਇਸੇ ਤਰ੍ਹਾਂ ‘ਸ੍ਰੀ ਗੁਰੂ ਨਾਨਕ ਦੇਵ’ ਜੀ ਮਹਾਰਾਜ ਨੇ ਜੋ ਬਾਰਹਮਾਹਾ ਤੁਖਾਰੀ ਰਾਗ ਵਿਚ ਉਚਾਰਨ ਕੀਤਾ ਹੈ ਉਸ ਦੀਆਂ 17 ਪਉੜੀਆਂ ਹਨ । ਪਹਿਲੀਆਂ ਚਾਰ ਪਉੜੀਆਂ ਮੰਗਲ ਰੂਪ ਵਿਚ ਅਤੇ 5 ਤੋੰ 16 ਵਿਚ ਬਾਰਹ ਮਹੀਨਿਆਂ ਦਾ ਵਰਨਣ ਕੀਤਾ ਹੈ । ਆਖ਼ਰੀ 17 ਵੀਂ ਪਉੜੀ ਵਿਚ ਇਸ ਰਚਨਾ ਦੇ ਤੱਤ ਨੂੰ ਨਿਰੂਪਣ ਕੀਤਾ ਹੈ । ਪਰਮਾਤਮਾ ਦੀ ਮਹਿਰ ਸਦਕਾ ਪਾਠਕ ਜਨਾਂ ਦੇ ਇਸ ਪੁਸਤਕ ਨੂੰ ਪੜ੍ਹਨ ਦੇ ਬਾਅਦ ਪ੍ਰਮਾਤਮਾ ਦਾ ਨਾਮ ਜਾਪਣ ਦੀ ਰੁਚੀ ਪੈਦਾ ਹੋਵੇਗੀ, ਜੋ ਕਿ ਉਨ੍ਹਾਂ ਦੇ ਜੀਵਨ ਵਿਚ ਕ੍ਰਾਂਤੀ ਲਿਆਂਵੇਗੀ, ਜਿਸ ਤਰ੍ਹਾਂ ਕਿ ਸੂਰਜ 12 ਮਹੀਨਿਆਂ ਦੇ ਮੌਸਮ ਲਿਆਉਂਦਾ ਹੈ ।