ਇਸ ਪੁਸਤਕ ਵਿੱਚ ਜਿਥੇ ਚਾਰ ਯੁਗ (ਚਾਰ ਅਵਸਥਾਵਾਂ) ਦਾ ਜ਼ਿਕਰ ਹੈ, ਉਥੇ ਨਾਲ ਹੀ ਮਨੁੱਖ ਦੀ ਮੂਲ ਸਮੱਸਿਆ, ਮਨ ਦੇ ਖੰਡਿਤ ਹੋਣ ਦਾ ਕਾਰਣ, ਮੰਗਾਂ ਦਾ ਜ਼ਿਕਰ ਹੈ । ਆਸ ਹੈ ਇਹ ਪੁਸਤਕ ਪਾਠਕਾਂ ਦੇ ਗੁਰਮਤਿ ਗਿਆਨ ਵਿਚ ਵਾਧਾ ਕਰੇਗੀ । ਇਸ ਪੁਸਤਕ ਵਿਚ ਛੇ ਵਖਰਿਆਂ ਵਖਰਿਆਂ ਵਿਸ਼ਿਆਂ ਦੇ ਲੇਖ ਹਨ ਅਤੇ ਛੇ ਦੇ ਛੇ ਲੇਖ ਹੀ ਗਿਆਨ ਦੀਆਂ ਰਮਜ਼ਾਂ ਨਾਲ ਭਰਪੂਰ ਹਨ । ਪਰਮਾਤਮਾ ਬਾਬਤ ਜਾਨਣ ਵਾਲਿਆਂ ਲਈ ਪਰਮਾਤਮਾ ਦੇ ਮਾਰਗ ਤੇ ਚਲਣ ਵਾਲਿਆਂ ਲਈ ਚਾਨਣ ਮੁਨਾਰੇ ਹਨ । ਇਸ ਵਿਚ ਯੁਗ ਬਦਲੀ ਦਾ ਜੋ ਵਿਸ਼ਲੇਸ਼ਣ ਕੀਤਾ ਗਿਆ ਹੈ, ਇਸ ਤੋਂ ਪਹਿਲਾਂ ਕਿਸੇ ਵੀ ਲੇਖਕ ਨਹੀਂ ਕੀਤਾ । ਮਸਕੀਨ ਜੀ ਨੇ ਲਿਖਿਆ ਹੈ, ਯੁਗ ਤਿੰਨ ਤਰਾਂ ਬਦਲਦਾ ਹੈ । ਸਮੇਂ ਦੇ ਤਲ ਤੇ ਯੁਗ ਦਾ ਬਦਲਨਾ, ਮਨ ਦੇ ਤਲ ਤੇ ਯੁਗ ਦਾ ਬਦਲਨਾ, ਤਨ ਦੇ ਤਲ ਤੇ ਯੁਗ ਦਾ ਬਦਲਨਾ । ਇਸ ਪੁਸਤਕ ਵਿਚ ਮਸਕੀਨ ਜੀ ਨੇ ਮਾਨੋ ਗਾਗਰ ਵਿਚ ਸਾਗਰ ਸਮੇਟ ਕੇ ਪਾਠਕਾਂ ਦੀ ਝੋਲੀ ਵਿਚ ਪਾਉਣ ਦਾ ਉਪਰਾਲਾ ਕੀਤਾ ਹੈ ।