ਮਸਕੀਨ ਜੀ ਨੇ 27 ਲੇਖਾਂ ਦੀ ਇਹ ਪੁਸਤਕ ਚੌਥਾ ਪਦੁ ਗੁਰਮਤਿ ਅਨੁਸਾਰ ਗੁਰਬਾਣੀ ਦੇ ਪ੍ਰਮਾਣ ਅਤੇ ਇਤਿਹਾਸਕ ਹਵਾਲੇ ਦੇ ਕੇ ਭਾਰੀ ਖੋਜ ਕਰ ਕੇ ਲਿਖੀ ਹੈ ਤਾਕਿ ਸ਼ਰਧਾਲੂ ਇਸ ਪੁਸਤਕ ਨੂੰ ਪੜ੍ਹ ਕੇ, ਗੁਰਮਤਿ ਦੇ ਫ਼ਲਸਫੇ ਨੂੰ ਸਮਝ ਕੇ, ਪੂਰਾ ਪੂਰਾ ਲਾਭ ਉਠਾਉਣ । ਕਾਮਾਦਿ ਪੰਜ ਵਿਕਾਰ ਬੜੇ ਬਲੀ ਹਨ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਭੀ ਆਪਣੀ ਬਾਣੀ ਵਿਚ ਸੂਰਬੀਰ ਵਰਣਨ ਕੀਤਾ ਹੈ ਅਤੇ ਇਨ੍ਹਾਂ ਵਿਕਾਰਾਂ ਨੂੰ ਮਾਰਨ ਵਾਲਿਆਂ ਨੂੰ ਭਾਰਾ ਬਲੀ ਆਖਿਆ ਹੈ । ਇਨ੍ਹਾਂ ਦੇ ਸੰਬੰਧ ਵਿਚ ਮਸਕੀਨ ਜੀ ਨੇ ਇਸ ਪੁਸਤਕ ਵਿਚ ਬੜੇ ਵਿਸਥਾਰ ਨਾਲ ਵਿਆਖਿਆ ਕੀਤੀ ਹੈ । ਇਹ ਤੋਂ ਬਿਨਾ ਪੰਜ ਕਕਾਰਾਂ, ਮਰਯਾਦਾ ਤੇ ਅਰਦਾਸ ਬਾਰੇ ਵੀ ਬਹੁਤ ਭਾਵਪੂਰਤ ਲੇਖ ਇਸ ਪੁਸਤਕ ਵਿਚ ਸ਼ਾਮਲ ਹਨ । ਮਸਕੀਨ ਜੀ ਨੇ ਗੁਰਮਤਿ ਦੀ ਕਸਵੱਟੀ ਤੇ ਪੂਰੇ ਉਤਰ ਕੇ ਇਹ 27 ਲੇਖ ਲਿਖੇ ਹਨ । ਇਹ ਲੇਖ ਪੜ੍ਹ ਕੇ ਨਾਮ-ਅਭਿਆਸੀ ਗੁਰਮੁਖ-ਜਨ ਰਜੋ-ਤਮੋ-ਸਤੋ ਤਿੰਨਾਂ ਨੂੰ ਪਾਰ ਕਰਕੇ ਚੌਥੇ ਪਦੁ ਦੀ ਆਤਮਿਕ ਅਵਸਥਾ ਤੇ ਪੁੱਜਣ ਲਈ ਯਤਨਸ਼ੀਲ ਹੋ ਸਕਦੇ ਹਨ ।