‘ਬੁੱਕ ਆਫ਼ ਮੀਰਦਾਦ’ ਤੋਂ ਬਾਅਦ ਮਿਖ਼ਾਈਲ ਨਈਮੀ ਨੇ ‘Memoirs of a Vagrant Soul’ or ‘The Pitted Face’ ਲਿਖੀ, ਜਿਸ ਦਾ ਪੰਜਾਬੀ ਅਨੁਵਾਦ ਇਸ ਪੁਸਤਕ ਰਾਹੀਂ ਪ੍ਰਸਤੁਤ ਕੀਤਾ ਗਿਆ ਹੈ । ਇਸ ਦੀ ਸੁਰ ਵੀ ਰਹੱਸਵਾਦੀ ਹੈ, ਪਰ ਇਹ ਸਾਨੂੰ ਸਾਡੀ ਜ਼ਿੰਦਗੀ ਦੀਆਂ ਕੌੜੀਆਂ ਸੱਚਾਈਆਂ ਤੋਂ ਵੀ ਜਾਣੂ ਕਰਵਾਉਂਦੀ ਹੈ । ਇਹ ਨਾਯਾਬ ਨਾਵਲ ਸਾਡੀ ਆਤਮਾ ਦਾ ਅਤੇ ਸਾਡੇ ਇਰਦ-ਗਿਰਦ ਦੇ ਸੰਸਾਰ ਦਾ ਦਰਪਣ ਹੈ । ਡਾਇਰੀ ਵਿਧਾ ਵਿਚ ਲਿਖੇ ਗਏ ਇਸ ਨਾਵਲ ਦਾ ਨਾਇਕ ‘ਪਿੱਟਡ ਫੇਸ’ ਆਪਾ ਚੀਨਣ ਦਾ ਅਭਿਆਸ ਕਰ ਕੇ ਆਪਣੀ ਆਤਮਾ ਨੂੰ ਖ਼ੁਸ਼ਹਾਲ ਕਰਨ ਲਈ ਸਮਰਪਿਤ ਹੈ । ਇਹ ਸਿਮਰਤੀਆਂ ਉਸ ਦੀ ਰੂਹ ਦੇ ਵਿਸ਼ਾਲ ਭੰਡਾਰ ਦੇ ਕੁਝ ਅੰਸ਼ ਹਨ; ਉਸ ਦੀ ਆਤਮਾ ਦੀ ਤੜਪ ’ਚੋਂ ਪੈਦਾ ਹੋਏ ਸੰਗੀਤ ਦੀ ਹਲਕੀ ਜਿਹੀ ਝਨਕਾਰ ਹਨ ਅਤੇ ਉਸ ਦੇ ਸੁਪਨਿਆਂ ਤੇ ਵਲਵਲਿਆਂ ਦੀ ਅਦਭੁੱਤ ਵਿਆਖਿਆ ਹਨ । ਇਹ ਪ੍ਰਭਾਵਸ਼ਾਲੀ ਰਚਨਾ ਆਦਮੀ ਨੂੰ ਆਦਮੀ ਨਾਲ ਜੋੜਨ ਅਤੇ ਸਮੂਹ ਮਨੁੱਖ ਜਾਤੀ ਨੂੰ ਕਰਤੇ ਦੀ ਸਮੁੱਚੀ ਕਾਇਨਾਤ ਨਾਲ ਜੋੜਨ ਦਾ ਕ੍ਰਿਸ਼ਮਾ ਕਰਨ ਦੀ ਸਮਰੱਥਾ ਰੱਖਦੀ ਹੈ।