ਖ਼ਲੀਲ ਜਿਬਰਾਨ (1883-1931) ਲਿਬਨਾਨ ਦੀ ਸੁੱਕੀ ਧਰਤੀ ਨੂੰ ਹਰਿਆ-ਭਰਿਆ ਕਰਨ ਲਈ ਵਰਖਾ ਨਾਲ ਭਰੇ ਬੱਦਲ ਦੇ ਰੂਪ ਵਿਚ ਪਰਮਾਤਮਾ ਦਾ ਭੇਜਿਆ ਦੇਵ-ਦੂਤ ਸੀ। ਉਹ ਜੁਗਾਂ ਜੁਗਾਂ ਤੋਂ ਤ੍ਰਿਹਾਈ ਇਸ ਧਰਤੀ ਦੀ ਪਿਆਸ ਬੁਝਾਉਣ ਹਿਤ ਅਸਮਾਨ ਤੋਂ ਬੱਦਲ ਬਣ ਕੇ ਬਰਸਿਆ। ਉਸ ਦੇ ਸ਼ਬਦ-ਚਿੱਤਰ ਅਤੇ ਰੇਖਾ-ਚਿੱਤਰ ਅਜਿਹੀਆਂ ਪੌੜੀਆਂ ਹਨ, ਜਿਨ੍ਹਾਂ ’ਤੇ ਚੜ੍ਹ ਕੇ ਮਨੁੱਖ ਆਪਣੇ ਅੰਦਰ ਦੀ ਪਸ਼ੂ-ਬਿਰਤੀ ਤੋਂ ਰੱਬਤਾ ਤਕ ਪਹੁੰਚ ਸਕਦਾ ਹੈ। ਜਿਬਰਾਨ ਨੇ ਆਪਵੇ ਸਨਮੁੱਖ ਆਪਣੇ ਆਪ ਨੂੰ ਪ੍ਰਗਟ ਕਰ ਕੇ ਅਸਲ ਵਿਚ ਸਾਨੂੰ ਹੀ ਪ੍ਰਗਟਾਇਆ। ਉਸ ਨੇ ਆਪਣੀ ਆਤਮਾ ਦੀ ਆਰਸੀ ’ਤੇ ਜੰਮੀ ਧੂੜ ਨੂੰ ਸਾਫ਼ ਕਰ ਕੇ ਸਾਡੀ ਆਤਮਾ ਦੀ ਆਰਸੀ ਨੂੰ ਸਾਫ਼ ਕੀਤਾ। ‘ਸੱਚ’ ਦੇ ਲਿਸ਼ਕਾਰੇ ਵਿਚ ਜਿਬਰਾਨ ਪੂਜਣ-ਯੋਗ ਹੈ ਤੇ ਉਹ ਸਾਨੂੰ ਵੀ ਪੂਜਣ-ਯੋਗ ਬਣਨ ਲਈ ਪ੍ਰੇਰਿਤ ਕਰਦਾ ਹੈ। ਜਿਬਰਾਨ ਦੇ ਅਤਿ ਨੇੜਲੇ ਮਿਤਰ ਤੇ ਰਾਜ਼ਦਾਨ ਮਿਖਾਈਲ ਨਈਮੀ ਵੱਲੋਂ ਉਸ ਦੀ ਮ੍ਰਿਤੂ ਤੋਂ ਤਿੰਨ ਵਰ੍ਹੇ ਬਾਅਦ ਲਿਖੀ ਇਹ ਜੀਵਨੀ ਪ੍ਰਮਾਣਿਕ ਬ੍ਰਿਤਾਂਤ ਹੈ, ਜੋ ਸਾਨੂੰ ਇਕ ਜਿਊਂਦੀ-ਜਾਗਦੀ ਮਹਾਨ ਆਤਮਾ ਦੇ ਪ੍ਰਕਾਸ਼ ਪੁੰਜ ਵਿਚ ਆਪਣੇ ਆਪ ਨੂੰ ਗੌਰਵਸ਼ਾਲੀ ਬਣਾਉਣ ਦਾ ਨਿਓਤਾ ਦਿੰਦੀ ਹੈ। ਇਸ ਪੁਸਤਕ ਰਾਹੀਂ ਸਮਰੱਥ ਅਨੁਵਾਦਕ ਨੇ ਇਸ ਕਲਾਸਕੀ ਰਚਨਾ ਦਾ ਰਸੀਲੀ ਭਾਸ਼ਾ ਵਿਚ ਭਰੋਸੇਯੋਗ ਪੰਜਾਬੀ ਅਨੁਵਾਦ ਕਰ ਕੇ ਜਿਬਰਾਨ ਦੇ ਸਹੀ ਨੈਣ-ਨਕਸ਼ਾਂ ਨੂੰ ਪੰਜਾਬੀ ਪਾਠਕਾਂ ਤੱਕ ਪੁਚਾਣ ਦਾ ਕ੍ਰਿਸ਼ਮਾ ਕਰ ਵਿਖਾਇਆ ਹੈ।