‘ਦ ਬੁੱਕ ਆਫ ਟੀ’, ਸਨਾਤਨੀ ਗ੍ਰੰਥ ਹੈ । ਸੌ ਸਾਲ ਪਹਿਲਾਂ ਜਦੋਂ ਦਾ ਇਹ ਲਿਖਿਆ ਗਿਆ, ਇਸ ਵਿਸ਼ੇ ਉਪਰ ਅੰਗਰੇਜ਼ੀ ਜ਼ਬਾਨ ਦਾ ਇਹ ਇਕੋ ਇਕ ਮਾਸਟਰ ਪੀਸ ਹੈ । ਏਸ਼ੀਅਨ ਆਰਟ ਦੀ ਸਮਾਲੋਚਨਾ ਅਤੇ ਮੁਕਤੀ ਬਾਰੇ ਲੇਖਕ ਦੀ ਨਿੱਗਰ ਦੇਣ ਨੂੰ ਪੱਛਮ ਨੇ ਲਗਭਗ ਭੁਲਾ ਦਿਤਾ ਹੈ, ਚਾਹ ਦੇ ਵਿਧਾਨ ਅਤੇ ਇਤਿਹਾਸ ਉਪਰ ਉਸਦੀ ਲਿਖੀ ਨਿਕੀ ਜਿਹੀ ਕਿਤਾਬ ਇਕ ਪੀੜ੍ਹੀ ਤੋਂ ਬਾਦ ਦੂਜੀ ਪੀੜ੍ਹੀ ਨਿਰੰਤਰ ਪੜ੍ਹ ਰਹੀ ਹੈ । ਇਹ ਕਿਤਾਬ ਇਸ ਕਰਕੇ ਕਲਾਸਿਕ ਮੰਨੀ ਗਈ ਅਤੇ ਮੰਨੀ ਜਾਏਗੀ ਕਿਉਂਕਿ ਇਸ ਵਿਚੋਂ ਕਨਫਿਉਸ਼ਿਆਵਾਦ, ਤਾਓਵਾਦ ਅਤੇ ਜ਼ੇਨ ਦੀਆਂ ਰਮਜ਼ਾਂ ਲੇਖਕ ਰਾਹੀਂ ਦ੍ਰਿਸ਼ਟਮਾਨ ਹੁੰਦੀਆਂ ਹਨ । ਜਾਪਾਨ ਵਿਚ ਓਕਾਕੁਰਾ ਅੱਜ ਵੀ ਸਤਿਕਾਰਿਆ ਜਾਂਦਾ ਹੈ, ਉਸਦੇ ਪਰਿਵਾਰਿਕ ਨਾਮ ਨਾਲ ਨਹੀਂ, ਲੋਕ ਉਸਨੂੰ ਤੇਨਸ਼ਿਕ ਆਖਦੇ ਹਨ, ਮਤਲਬ ਕਿ, ਰੂਹਾਨੀ ਦਿਲ, ਸਾਹਿਬ ਦਿਮਾਗ, ਹੁਸਨਲ ਚਰਾਗ ।