ਵਿਸ਼ਵ-ਇਤਿਹਾਸ ਏਸ ਪੁਸਤਕ ਵਿਚ ਉਹ ਲੰਮਾ ਤੇ ਗੁੰਝਲਦਾਰ ਰਾਹ ਉਲੀਕਣ ਦਾ ਜਤਨ ਕੀਤਾ ਗਿਆ ਹੈ ਜਿਹੜਾ ਮਨੁੱਖਜਾਤੀ ਨੇ ਆਪਣੇ ਆਦਿ-ਕਾਲ ਤੋਂ ਅਜ ਤਕ ਤੈਅ ਕੀਤਾ ਹੈ। ਇਹ ਪੁਸਤਕ ਸੋਵੀਅਤ ਇਤਿਹਾਸਕਾਰਾਂ ਦੀ ਰਚਨਾ ਹੋਣ ਕਰਕੇ ਇਸ ਵਿਚ, ਸੁਭਾਵਕ ਹੀ ਸੋਵੀਅਤ ਯੂਨੀਅਨ ਦੇ ਇਤਿਹਾਸ ਵਲ ਬਹੁਤਾ ਧਿਆਨ ਦਿਤਾ ਗਿਆ ਹੈ, ਪਰ ਪੰਜਾਂ ਹੀ ਮਹਾਂਦੀਪਾਂ ਉੱਤੇ ਹੋਏ ਆਰਥਕ, ਸਮਾਜਕ, ਰਾਜਸੀ ਅਤੇ ਸਭਿਆਚਾਰਕ ਵਿਕਾਸ ਦੇ ਮੁਖ ਲੱਛਣਾ ਉਤੇ ਜ਼ੋਰ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ, ਅਤੇ ਇਸ ਤਰ੍ਹਾਂ ਵਿਸ਼ਵ-ਇਤਿਹਾਸ ਦਾ ਚਿਹਰਾ-ਮੁਹਰਾ ਪੂਰੀ ਤਰ੍ਹਾਂ ਨਿਖਰ ਆਇਆ ਦਿਸਦਾ ਹੈ । ਇਹ ਪੁਸਤਕ ਪੜ੍ਹ ਕੇ ਪਾਠਕ ਜਾਣ ਸਕਣਗੇ ਕਿ ਇਤਿਹਾਸ ਵਖ-ਵਖ, ਇਕ ਦੂਜੇ ਤੋਂ ਨਿਖੜੀਆਂ ਹੋਈਆਂ ਘਟਨਾਵਾਂ ਦੇ ਜੋੜ ਦਾ ਨਾਂ ਨਹੀਂ, ਸਗੋਂ ਇਹ ਤਾਂ ਇਕ ਅਜੇਹਾ ਸਿਲਸਲਾ ਹੈ ਜਿਹੜਾ ਨਿਸਚਿਤ ਨੇਮਾਂ ਦੇ ਅਧੀਨ ਚਲਦਾ ਹੈ। ਇਹ ਪੁਸਤਕ ਜਿਥੇ ਪਾਠਕਾਂ ਨੂੰ ਮਨੁੱਖਜਾਤੀ ਰਾਹੀਂ ਤੈਅ ਕੀਤੇ ਗਏ ਰਾਹ ਉੱਤੇ ਇਕ ਝਾਤ ਪੁਆਏਗੀ, ਉਥੇ ਇਤਿਹਾਸ ਦੇ ਵਿਦਿਆਰਥੀਆਂ ਲਈ, ਇਤਿਹਾਸਕਾਰੀ ਲਈ ਪੂਰਨਿਆਂ ਦਾ ਕੰਮ ਵੀ ਦੇਵੇਗੀ ।