ਗੁਰੂ ਨਾਨਕ ਬਾਣੀ ਦਾ ਪ੍ਰਕਾਸ਼ ਵਿਸ਼ਵ ਧਰਮ-ਦਰਸ਼ਨ ਦੇ ਚਿੰਤਨ ਵਿਚ ਨਵ-ਸੰਕਲਪਾਂ ਦਾ ਪੁਨਰ-ਨਿਰਮਾਣ ਸੀ। ਗੁਰੂ ਜੀ ਦੀ ਰਚਨਾ ਦਾ ਅਧਿਐਨ ਸਿੱਧ ਕਰਦਾ ਹੈ ਕਿ ਉਹਨਾਂ ਦੀ ਬਾਣੀ ਪ੍ਰਾਚੀਨ ਭਾਰਤੀ ਧਰਮ-ਦਰਸ਼ਨ ਦੀ ਨਾ ਆਂਸ਼ਿਕ ਪੂਰਤੀ ਹੈ ਅਤੇ ਨਾ ਇਹ ਕਿਸੇ ਪੱਖੋਂ ਪ੍ਰਚੱਲਿਤ ਭਾਰਤੀ ਧਰਮਾਂ ਦੀ ਅਗਵਾਈ ਜਾਂ ਆਦਰਸ਼ਾਂ ਨੂੰ ਕਬੂਲਦੀ ਹੈ। ਇਸ ਪੁਸਤਕ ਵਿਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਆਪਣੇ ਕਾਰਜਖੇਤਰ ਦਾ ਆਧਾਰ ਬਣਾਇਆ ਗਿਆ ਹੈ। ਸਮੁੱਚੀ ਗੁਰੂ ਨਾਨਕ ਬਾਣੀ ਵਿਚ ਭਾਵੇਂ ਕਿਸੇ ਨਾ ਕਿਸੇ ਰੂਪ ਵਿਚ ਕੁਦਰਤ ਸੰਬੰਧੀ ਸੰਕੇਤ ਪ੍ਰਾਪਤ ਹਨ, ਫਿਰ ਵੀ ਜਪੁ, ਮਾਰੂ ਸੋਲਹੇ, ਓਅੰਕਾਰ, ਵਾਰ ਆਸਾ, ਸਿਧ ਗੋਸਟਿ ਅਤੇ ਬਾਹਰਮਾਹਾ ਤੁਖਾਰੀ ਕੁਝ ਅਜਿਹੀਆਂ ਰਚਨਾਵਾਂ ਹਨ ਜਿਨ੍ਹਾਂ ਵਿਚ ਕੁਦਰਤ ਦੇ ਸੰਕਲਪ ਦੀ ਰੂਪ-ਰੇਖਾ ਉੱਘੜ ਕੇ ਸਾਹਮਣੇ ਆਈ ਹੈ। ਇਹਨਾਂ ਬਾਣੀਆਂ ਦੇ ਗੰਭੀਰ ਅਧਿਐਨ ਉੱਤੇ ਇਹ ਪੁਸਤਕ ਆਧਾਰਿਤ ਹੈ।